ਮੈਲਬਰਨ : ਇੱਕ ਪਾਸੇ ਜਿੱਥੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ Immigration ਕਾਨੂੰਨ ਸਖ਼ਤ ਕਰ ਰਹੇ ਹਨ ਉਥੇ ਦੁਨੀਆ ’ਚ ਕੁੱਝ ਅਜਿਹੇ ਵੀ ਦੇਸ਼ ਹਨ ਜੋ ਲੋਕਾਂ ਨੂੰ ਆ ਕੇ ਵਸਣ ਲਈ ਪੱਲਿਉਂ ਪੈਸੇ ਦੀ ਪੇਸ਼ਕਸ਼ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਵਿੱਚ ਆਇਰਲੈਂਡ, ਸਵਿਟਜ਼ਰਲੈਂਡ, ਸਪੇਨ, ਗ੍ਰੀਸ, ਇਟਲੀ, ਜਾਪਾਨ ਅਤੇ ਕੈਨੇਡਾ ਸ਼ਾਮਲ ਹਨ।
ਇਹ ਦੇਸ਼ ਪ੍ਰਾਪਰਟੀ ਦੀ ਖਰੀਦ ਅਤੇ ਰੀਨੋਵੇਸ਼ਨ ਵਿੱਚ ਮਦਦ ਲਈ ਨਕਦ ਗ੍ਰਾਂਟਾਂ ਤੋਂ ਲੈ ਕੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਲਈ ਮਹੀਨਾਵਾਰ ਵਜ਼ੀਫੇ ਤੱਕ ਦੇ ਰਹੇ ਹਨ। ਉਦਾਹਰਣ ਵਜੋਂ, ਆਇਰਲੈਂਡ ਆਪਣੇ 30 ਆਫ-ਸ਼ੋਰ ਟਾਪੂਆਂ ’ਤੇ ਜਾਣ ਅਤੇ ਖਾਲੀ ਜਾਇਦਾਦਾਂ ਦਾ ਨਵੀਨੀਕਰਨ ਕਰਨ ਦੇ ਇੱਛੁਕ ਲੋਕਾਂ ਨੂੰ 84,000 ਯੂਰੋ ਤੱਕ ਦੀ ਪੇਸ਼ਕਸ਼ ਕਰਦਾ ਹੈ।
ਸਵਿਟਜ਼ਰਲੈਂਡ ਦੇ ਐਲਪਸ ਪਹਾੜਾਂ ’ਤੇ ਸਥਿਤ ਦੂਰ-ਦੁਰਾਡੇ ਦੇ ਪਿੰਡ Albinen ਵਿੱਚ ਜਾਣ ਲਈ ਦੇਸ਼ 20,000 ਸਵਿਸ ਫ੍ਰੈਂਕ ਪ੍ਰਦਾਨ ਕਰਦਾ ਹੈ। ਜੇਕਰ ਤੁਹਾਡੇ ਬੱਚੇ ਵੀ ਹਨ ਤਾਂ ਹਰ ਬੱਚੇ ਲਈ ਵਾਧੂ ਰਕਮ ਵੀ ਦਿੱਤੀ ਜਾਂਦੀ ਹੈ। ਸਪੇਨ ਕੁਝ ਪਹਾੜੀ ਕਸਬਿਆਂ ਵਿੱਚ ਜਾਣ ਵਾਲੇ ਪਰਿਵਾਰਾਂ ਨੂੰ 2,971 ਯੂਰੋ ਦੀ ਪੇਸ਼ਕਸ਼ ਕਰਦਾ ਹੈ। ਗ੍ਰੀਸ ਦਾ Antikythera ਟਾਪੂ ਇੱਥੇ ਆ ਕੇ ਵਸਣ ਵਾਲਿਆਂ ਨੂੰ ਪਹਿਲੇ ਤਿੰਨ ਸਾਲਾਂ ਲਈ 500 ਯੂਰੋ ਪ੍ਰਤੀ ਮਹੀਨਾ ਦਿੰਦਾ ਹੈ। ਇਟਲੀ ਦੇ Calabria ’ਚ ਵੀ ਆ ਕੇ ਵਸਣ ਵਾਲੇ ਯੋਗ ਲੋਕਾਂ ਨੂੰ ਤਿੰਨ ਸਾਲਾਂ ਲਈ 28000 ਯੂਰੋ ਦਿੱਤੇ ਜਾਂਦੇ ਹਨ। ਇੱਥੇ ਆ ਕੇ ਵਸਣ ਲਈ ਤੁਹਾਡੀ ਉਮਰ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜਦਕਿ Puglia ਦੇ Presicce-Acquarica ’ਚ ਵਸਣ ਲਈ ਤੁਹਾਨੂੰ 30000 ਯੂਰੋ ਮਿਲਣਗੇ। ਇਹ ਸ਼ਹਿਰ ਇੱਥੇ ਹਰ ਪੈਦਾ ਹੋਣ ਵਾਲੇ ਬੱਚੇ 1000 ਯੂਰੋ ਵੀ ਦਿੰਦਾ ਹੈ। ਜਦਕਿ ਜਾਪਾਨ ਦਾ Regional Revitalisation Program ਇੱਥੇ ਆ ਕੇ ਰਹਿਣ ਵਾਲਿਆਂ ਨੂੰ 4800000 ਯੂਆਨ ਦੇਵੇਗਾ ਕਿਉਂਕਿ ਬਹੁਤ ਸਾਰੇ ਨੌਜੁਆਨ ਆਪਣੇ ਜੱਦੀ ਘਰਾਂ ਦੀ ਸਾਂਭ-ਸੰਭਾਲ ਕਰਨ ਜਾਂ ਵੇਚਣ ਦੀ ਬਜਾਏ ਇਨ੍ਹਾਂ ਨੂੰ ਖ਼ਾਲੀ ਛੱਡ ਦਿੰਦੇ ਹਨ। ਕੈਨੈਡਾ ਦਾ ਸਸਕੈਚੇਵਨ ਪ੍ਰਵਿੰਸ ਵੀ ਆਪਣੇ Graduate Retention Program ਹੇਠ ਯੋਗ ਗਰੈਜੁਏਟਾਂ ਨੂੰ ਇੱਥੇ ਰਹਿਣ ਲਈ 20000 ਡਾਲਰ ਤਕ ਦੀ ਟਿਊਸ਼ਨ ਫ਼ੀਸ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ
ਇਨ੍ਹਾਂ ਪ੍ਰੋਤਸਾਹਨਾਂ ਦਾ ਉਦੇਸ਼ ਘਟਦੀ ਆਬਾਦੀ ਅਤੇ ਮਜ਼ਦੂਰਾਂ ਦੀ ਘਾਟ ਵਰਗੇ ਮੁੱਦਿਆਂ ਨੂੰ ਹੱਲ ਕਰਨਾ ਹੈ, ਅਤੇ ਉਹ ਅਕਸਰ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਜਾਂ ਕੁਝ ਸਾਲਾਂ ਲਈ ਰਹਿਣ ਲਈ ਵਚਨਬੱਧ ਹੋਣ ਵਰਗੀਆਂ ਸ਼ਰਤਾਂ ਨਾਲ ਆਉਂਦੇ ਹਨ।