ਮੈਲਬਰਨ : ਆਈਸਲੈਂਡ ਨੂੰ 2025 ਵਿੱਚ ਯਾਤਰੀਆਂ ਲਈ ਦੁਨੀਆ ਦਾ ਸਭ ਤੋਂ ਸੁਰੱਖਿਅਤ ਦੇਸ਼ ਦਾ ਦਰਜਾ ਦਿੱਤਾ ਗਿਆ ਸੀ। ਆਈਸਲੈਂਡ ਇੱਕ ਛੋਟਾ ਜਿਹਾ ਟਾਪੂ ਦੇਸ਼ ਹੈ ਜਿਸ ਦੀ ਆਬਾਦੀ ਸਿਰਫ 400,000 ਦੇ ਲਗਭਗ ਹੈ। ਘੱਟ ਆਬਾਦੀ ਦਾ ਮਤਲਬ ਹੈ ਕਿ ਉੱਥੇ ਮੁਸੀਬਤ ਵਿੱਚ ਪੈਣ ਦੀ ਸੰਭਾਵਨਾ ਕਾਫ਼ੀ ਘੱਟ ਹੈ। ਇੱਥੇ ਬਹੁਤ ਘੱਟ ਭੀੜ ਹੁੰਦੀ ਹੈ ਅਤੇ ਹਿੰਸਕ ਅਪਰਾਧ ਦੀਆਂ ਦਰਾਂ ਬਹੁਤ ਘੱਟ ਹੁੰਦੀਆਂ ਹਨ। ਦੇਸ਼ ਨੂੰ ਇੰਨਾ ਸੁਰੱਖਿਅਤ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਕੋਲ ਫੌਜ ਨਹੀਂ ਹੈ ਅਤੇ ਪੁਲਿਸ ਵਾਲੇ ਬੰਦੂਕ ਵੀ ਨਹੀਂ ਰੱਖਦੇ। ਆਈਸਲੈਂਡ ਪਿਛਲੇ ਸਾਲ ਇਸ ਸੂਚੀ ’ਚ ਨੌਵੇਂ ਨੰਬਰ ’ਤੇ ਸੀ, ਪਰ ਇਸ ਸਾਲ ਦੇਸ਼ ਅੰਦਰ ਜਾਣ ਵਾਲੇ ਖੁਸ਼ ਯਾਤਰੀਆਂ ਨੇ ਇਸ ਨੂੰ 2024 ਦਾ ਨੰਬਰ ਇਕ ਮੁਲਕ ਕਰਾਰ ਦਿੱਤਾ।
ਸੂਚੀ ’ਚ ਦੂਜੇ ਨੰਬਰ ’ਤੇ ਆਸਟ੍ਰੇਲੀਆ ਹੈ, ਜਿੱਥੇ ਜ਼ਿਆਦਾਤਰ ਯਾਤਰੀਆਂ ਲਈ ਪਹੁੰਚਣਾ ਮੁਸ਼ਕਲ ਹੈ, ਪਰ ਖਿੰਡੀ ਹੋਈ ਆਬਾਦੀ ਦਾ ਮਤਲਬ ਹੈ ਕਿ ਬਹੁਤ ਘੱਟ ਅਪਰਾਧ ਹੈ। ਸਰਵੇਖਣ ਵਿਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਦੇ ਸ਼ਹਿਰ ਸੁਰੱਖਿਅਤ ਹਨ, ਇੱਥੇ ਘੁੰਮਣਾ ਆਸਾਨ ਹੈ ਅਤੇ ਪੁਲਿਸ ਵੀ ਚੰਗੀ ਹੈ।
ਤੀਜੇ ਨੰਬਰ ’ਤੇ ਕੈਨੇਡਾ ਹੈ ਜਿੱਥੇ ਇੱਕ ਫੈਲੀ ਹੋਈ ਆਬਾਦੀ ਦੇ ਨਾਲ, ਅਪਰਾਧ ਦਰ ਸਾਰੀ ਦੁਨੀਆ ਨਾਲੋਂ ਘੱਟ ਹੈ। ਸਰਵੇਖਣ ਦੇ ਅਨੁਸਾਰ, ਇਹ ਔਰਤਾਂ ਅਤੇ LGBTQIA+ ਯਾਤਰੀਆਂ ਲਈ ਵੀ ਸੁਰੱਖਿਅਤ ਮੰਨਿਆ ਜਾਂਦਾ ਹੈ। ਵਿਸ਼ਾਲ ਦੇਸ਼ ’ਚ ਦੇਖਣ ਲਈ ਬਹੁਤ ਕੁਝ ਹੈ। ਇੱਥੇ ਵੈਨਕੂਵਰ ਅਤੇ ਮਾਂਟਰੀਅਲ ਵਰਗੇ ਪ੍ਰਮੁੱਖ ਸ਼ਹਿਰ ਅਤੇ ਕੁਦਰਤੀ ਅਜੂਬੇ ਨਿਆਗਰਾ ਫਾਲਜ਼ ਅਤੇ ਬੈਨਫ ਨੈਸ਼ਨਲ ਪਾਰਕ ਸਥਿਤ ਹਨ। ਸੂਚੀ ’ਚ ਚੌਥੇ ਨੰਬਰ ’ਤੇ ਆਇਰਲੈਂਡ, ਪੰਜਵੇਂ ’ਤੇ ਸਵਿਟਜ਼ਰਲੈਂਡ, ਅਤੇ ਛੇਵੇਂ ਨੰਬਰ ’ਤ ਨਿਊਜ਼ੀਲੈਂਡ ਆਉਂਦੇ ਹਨ।