ਪੰਜਾਬਣ ਨੂੰ ਕਤਲ ਕਰਨ ਦੇ ਕੇਸ ’ਚ ਮੁਲਜ਼ਮ ਦੀ ਜ਼ਮਾਨਤ ਅਪੀਲ ਖ਼ਾਰਜ, ਅਦਾਲਤ ’ਚ ਹੋਇਆ ਹੈਰਾਨੀਜਨਕ ਨਵਾਂ ਪ੍ਰਗਟਾਵਾ

ਮੈਲਬਰਨ : ਕੁਈਨਜ਼ਲੈਂਡ ਵਾਸੀ ਯਾਦਵਿੰਦਰ ਸਿੰਘ (44), ਜਿਸ ’ਤੇ ਆਪਣੀ ਪਤਨੀ ਅਮਰਜੀਤ ਕੌਰ ਸਰਦਾਰ (41) ਨੂੰ ਕਤਲ ਕਰਨ ਦਾ ਦੋਸ਼ ਹੈ, ਨੂੰ ਬ੍ਰਿਸਬੇਨ ਸੁਪਰੀਮ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਸੁਣਵਾਈ ਦੌਰਾਨ ਅਦਾਲਤ ਨੂੰ ਦਸਿਆ ਗਿਆ ਕਿ ਯਾਦਵਿੰਦਰ ਸਿੰਘ ਨੇ ਐਮਰਜੈਂਸੀ ਸੇਵਾਵਾਂ ਨੂੰ ਆਪਣੇ ਬ੍ਰਿਸਬੇਨ ਦੇ ਸਾਊਥ ’ਚ Woodhill ਸਥਿਤ ਫ਼ਾਰਮ ’ਤੇ 15 ਫ਼ਰਵਰੀ, 2024 ਨੂੰ ਜਦੋਂ ਸੱਦਿਆ ਸੀ ਤਾਂ ਉਸ ਦੀ ਪਤਨੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਯਾਦਵਿੰਦਰ ਸਿੰਘ ਇਸ ਕਤਲ ਨੂੰ ਹਾਦਸਾ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਯਾਦਵਿੰਦਰ ਸਿੰਘ ਨੇ ਪਹਿਲਾਂ ਪੁਲਿਸ ਨੂੰ ਦਸਿਆ ਸੀ ਕਿ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ ਅਤੇ ਗੁੱਸੇ ’ਚ ਉਹ ਟਰੈਕਟਰ ’ਤੇ ਚੜ੍ਹ ਕੇ ਜਦੋਂ ਇਸ ਨੂੰ ਰਿਵਰਸ ਕਰ ਰਿਹਾ ਸੀ ਤਾਂ ਟਰੈਕਟਰ ਦਾ ਸਲੈਸ਼ਰ ਚਲ ਰਿਹਾ ਸੀ। ਉਸ ਨੂੰ ਸਲੈਸ਼ਰ ਦੇ ਇੱਟ ’ਚ ਵੱਜਣ ਵਰਗੀ ਉੱਚੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਹੇਠਾਂ ਉਤਰਿਆ ਤਾਂ ਉਸ ਨੇ ਵੇਖਿਆ ਕਿ ਸਲੈਸ਼ਰ ’ਚ ਪੈਰ ਫਸਿਆ ਹੋਇਆ ਹੈ। ਜਦੋਂ ਉਸ ਨੇ ਟਰੈਕਟਰ ਅੱਗੇ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਅਮਰਜੀਤ ਕੌਰ ਇਸ ਦੇ ਹੇਠਾਂ ਆ ਗਈ ਸੀ।

ਪੰਜਾਬੀ ਮੂਲ ਦਾ ਵਿਅਕਤੀ ਪਤਨੀ ਨੂੰ ਟਰੈਕਟਰ ਹੇਠ ਦਰੜ ਕੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ – Sea7 Australia

ਜਦੋਂ ਐਮਰਜੈਂਸੀ ਸੇਵਾਵਾਂ ਉਸ ਦੇ ਘਰ ਪੁੱਜੀਆਂ ਤਾਂ ਅਮਰਜੀਤ ਕੌਰ ਦੀਆਂ ਲੱਤਾਂ ਉਸ ਦੇ ਧੜ ਤੋਂ ਦੋ ਮੀਟਰ ਦੂਰ ਪਈਆਂ ਸਨ। ਪੋਸਟਮਾਰਟਮ ਰਿਪੋਰਟ ਅਨੁਸਾਰ ਅਮਰਜੀਤ ਕੌਰ ਦੇ ਜ਼ਖ਼ਮਾਂ ’ਚੋਂ ਖ਼ੂਨ ਬਹੁਤ ਘੱਟ ਵਹਿ ਰਿਹਾ ਸੀ ਜਿਸ ਤੋਂ ਪਤਾ ਲਗਦਾ ਹੈ ਕਿ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੋਵੇਗੀ। ਇਹੀ ਨਹੀਂ ਪ੍ਰੋਸੀਕਿਊਸ਼ਨ ਨੂੰ ਅਮਰਜੀਤ ਕੌਰ ਦੇ ਫ਼ੋਨ ’ਤੇ ਇੱਕ ਰਿਕਾਰਡਿੰਗ ਵੀ ਮਿਲੀ ਜਿਸ ਨੂੰ ਉਸ ਨੇ ਆਪਣੀ ਮੌਤ ਵਾਲੇ ਦਿਨ ਹੀ ਰਿਕਾਰਡ ਕੀਤਾ ਸੀ। ਵੀਡੀਓ ’ਚ ਉਸ ਨੇ ਇਹ ਡਰ ਪ੍ਰਗਟਾਉਂਦਿਆਂ ਆਪਣੀ ਵੀਡੀਓ ਰਿਕਾਰਡ ਕੀਤੀ ਸੀ ਕਿ ਉਸ ਦਾ ਪਤੀ ਉਸ ਦਾ ਕਤਲ ਕਰ ਸਕਦਾ ਹੈ।

ਯਾਦਵਿੰਦਰ ਸਿੰਘ ਦੇ ਵਕੀਲ Andrew Bale ਨੇ ਕਿਹਾ ਕਿ ਕਤਲ ਦੀ ਪੁਸ਼ਟੀ ਕਰਨ ਵਾਲਾ ਕੋਈ ਹਥਿਆਰ ਨਹੀਂ ਹੈ। ਪਰ ਸਰਕਾਰੀ ਵਕੀਲ Samantha O’Rourke ਨੇ ਕਿਹਾ ਕਿ ਡਾਕਟਰੀ ਰਿਪੋਰਟ ’ਚ ਕਤਲ ਦਾ ਕਾਰਨ ਸਿਰ ’ਤੇ ਜ਼ੋਰ ਦੀ ਵਾਰ ਕਰਨਾ ਦੱਸਿਆ ਗਿਆ ਹੈ। ਉਨ੍ਹਾਂ ਕਿਹਾ, ‘‘ਘਟਨਾ ਵਾਲੀ ਥਾਂ ਤੋਂ 45 ਮੀਟਰ ਦੂਰ ਅਮਰਜੀਤ ਕੌਰ ਦੇ ਸਿਰ ਦੇ ਵਾਲ ਨਾਲ ਇੱਕ ਇੱਟ ਮਿਲੀ ਹੈ।’’ ਉਨ੍ਹਾਂ ਕਿਹਾ ਕਿ ਅਮਰਜੀਤ ਕੌਰ ਨੇ ਆਪਣੇ ਕਤਲ ਤੋਂ ਪਹਿਲਾਂ ਇੱਕ ਈ-ਮੇਲ ਭੇਜੀ ਸੀ ਜਿਸ ’ਚ ਉਸ ਨੇ ਯਾਦਵਿੰਦਰ ਸਿੰਘ ਨਾਲ ਆਪਣਾ ਰਿਸ਼ਤਾ ਖ਼ਤਮ ਕਰਨ ਬਾਰੇ ਲਿਖਿਆ ਸੀ ਅਤੇ ਜਾਇਦਾਦ ’ਚ ਆਪਣਾ ਹਿੱਸਾ ਮੰਗਿਆ ਸੀ।

Justice Catherine Muir ਨੇ ਕਿਹਾ ਕਿ ਯਾਦਵਿੰਦਰ ਸਿੰਘ ਵਿਰੁਧ ਕੇਸ ਮਜ਼ਬੂਤ ਹੈ ਅਤੇ ਯਾਦਵਿੰਦਰ ਸਿੰਘ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਸਬੂਤਾਂ ਅਤੇ ਗਵਾਹਾਂ ਨਾਲ ਛੇੜਛਾੜ ਕਰ ਸਕਦਾ ਹੈ। ਯਾਦਵਿੰਦਰ ਸਿੰਘ 9 ਮਹੀਨਿਆਂ ਤੋਂ ਪੁਲਿਸ ਹਿਰਾਸਤ ’ਚ ਹੈ।

ਇਹ ਵੀ ਪੜ੍ਹੋ : ਪੰਜਾਬੀ ਮੂਲ ਦੇ ਪਰਿਵਾਰ ਦੇ ਘਰ ਚੋਰੀ ਕਰਨ ਵਾਲੇ ਨੂੰ 16 ਮਹੀਨਿਆਂ ਦੀ ਕੈਦ – Sea7 Australia