ਮੈਲਬਰਨ : ਸਾਊਥ-ਈਸਟ ਆਸਟ੍ਰੇਲੀਆ ਦੇ ਲੱਖਾਂ ਲੋਕਾਂ ਨੂੰ ਇਸ ਹਫਤੇ ਦੇ ਅਖੀਰ ਵਿੱਚ ਸਖ਼ਤ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਕੈਪੀਟਲ ਸਿਟੀਜ਼ ’ਚ ਪਾਰਾ 35 ਡਿਗਰੀ ਸੈਲਸੀਅਸ ਦੇ ਆਸਪਾਸ ਪਹੁੰਚਣ ਦਾ ਅਨੁਮਾਨ ਹੈ। ਵਿਕਟੋਰੀਆ, ਸਾਊਥ-ਵੈਸਟ ਨਿਊ ਸਾਊਥ ਵੇਲਜ਼ ਅਤੇ ਤਸਮਾਨੀਆ ਤੇ ਸਾਊਥ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਵੀਰਵਾਰ ਤੋਂ ਗਰਮ ਦਿਨ ਅਤੇ ਗਰਮ ਰਾਤਾਂ ਦਾ ਦੌਰ ਚੱਲਣ ਵਾਲਾ ਹੈ। ਆਉਣ ਵਾਲੇ ਦਿਨਾਂ ਵਿੱਚ ਕੁਝ ਰਾਜਧਾਨੀਆਂ ਵਿੱਚ ਤਾਪਮਾਨ ਔਸਤ ਤੋਂ ਛੇ ਤੋਂ 12 ਡਿਗਰੀ ਵੱਧ ਜਾਣ ਦਾ ਅਨੁਮਾਨ ਹੈ।
ਬੱਦਲਵਾਈ ਦੇ ਆਧਾਰ ’ਤੇ ਮੈਲਬਰਨ ’ਚ ਪਾਰਾ ਸ਼ੁੱਕਰਵਾਰ ਨੂੰ 34 ਡਿਗਰੀ ਅਤੇ ਸ਼ਨੀਵਾਰ ਨੂੰ 33 ਡਿਗਰੀ ਤੱਕ ਪਹੁੰਚ ਜਾਵੇਗਾ। ਐਡੀਲੇਡ ਦੇ ਵਸਨੀਕਾਂ ਨੂੰ ਸ਼ੁੱਕਰਵਾਰ ਨੂੰ ਪਾਰਾ 37 ਡਿਗਰੀ ਤੱਕ ਪਹੁੰਚਣ ਤੋਂ ਪਹਿਲਾਂ ਸ਼ਹਿਰ ਵਿੱਚ ਕੱਲ੍ਹ ਦੇ ਵੱਧ ਤੋਂ ਵੱਧ 29 ਡਿਗਰੀ ਤੋਂ ਗਰਮ ਅਤੇ ਨਮੀ ਵਾਲੇ ਮੌਸਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਡਨੀ ਵਿਚ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਸਕਦਾ ਹੈ, ਜਿਸ ਵਿਚ ਹਫਤੇ ਦੇ ਅੰਤ ਵਿਚ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਮੈਲਬਰਨ ਅਤੇ ਐਡੀਲੇਡ ਵਿੱਚ ਵੀ ਰਾਤ ਘੱਟੋ-ਘੱਟ 22 ਡਿਗਰੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ ਆਸਟ੍ਰੇਲੀਆ ਦੇ ਸਾਊਥ-ਈਸਟ ਹਿੱਸਿਆਂ ’ਚ ਠੰਢੀ ਹਵਾ ਦੇ ਫੈਲਣ ਨਾਲ ਅਗਲੇ ਹਫਤੇ ਦੇ ਸ਼ੁਰੂ ’ਚ ਤਾਪਮਾਨ 30 ਡਿਗਰੀ ਤੋਂ ਹੇਠਾਂ ਆ ਜਾਵੇਗਾ।