ਮੈਲਬਰਨ : ਵਿਕਟੋਰੀਆ ਸਰਕਾਰ ਵੱਲੋਂ Berwick Springs Lake ਦਾ ਨਾਮ ਬਦਲ ਕੇ ‘ਗੁਰੂ ਨਾਨਕ ਲੇਕ’ ਕਰਨ ਦੇ ਫੈਸਲੇ ਬਾਰੇ ਉੱਠੇ ਵਿਵਾਦ ’ਚ ਨਵਾਂ ਮੋੜ ਆਇਆ ਹੈ। ਨਾਮਕਰਨ ਦੇ ਵਿਰੋਧ ’ਚ ਆਨਲਾਈਨ ਪਟੀਸ਼ਨ ਸ਼ੁਰੂ ਹੋਣ ਤੋਂ ਬਾਅਦ ਹੁਣ ਇਸ ਦੇ ਹੱਕ ’ਚ ਵੀ ਨਵੀਂ ਪਟੀਸ਼ਨ ਸ਼ੁਰੂ ਹੋ ਗਈ ਹੈ, ਜਿਸ ’ਤੇ ਹੁਣ ਤਕ 3000 ਤੋਂ ਵੱਧ ਲੋਕਾਂ ’ਤੇ ਦਸਤਖ਼ਤ ਕੀਤੇ ਹਨ। ਸਥਾਨਕ ਵਸਨੀਕਾਂ ਨੇ ਪਟੀਸ਼ਨ ਇਹ ਕਹਿ ਕੇ ਸ਼ੁਰੂ ਕੀਤੀ ਸੀ ਕਿ ਨਾਮ ਬਦਲਣ ਬਾਰੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ।
ਪਰ ਹੁਣ ਨਾਮ ਬਦਲਣ ਦਾ ਸਮਰਥਨ ਕਰਨ ਵਾਲੀ ਇੱਕ ਪਟੀਸ਼ਨ ਸਾਹਮਣੇ ਆਈ ਹੈ, ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਝੀਲ ਦਾ ਕਦੇ ਵੀ ਅਧਿਕਾਰਤ ਨਾਮ ਨਹੀਂ ਸੀ ਅਤੇ ਇਹ ਫੈਸਲਾ ਪ੍ਰਮੁੱਖ ਸੰਗਠਨਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ ਗਿਆ ਸੀ, ਜਿਨ੍ਹਾਂ ’ਚ Bunurong Land Council, City of Casey, Geographic Names Victoria, the Victorian Multicultural Commission, Melbourne Water ਅਤੇ Emergency Management Victoria ਸ਼ਾਮਲ ਹਨ। ਪਟੀਸ਼ਨ ਵਿਚ ਸੁਝਾਅ ਦਿੱਤਾ ਗਿਆ ਹੈ ਕਿ ਜੇਕਰ ਚਿੰਤਾਵਾਂ ਗਲਤਫਹਿਮੀਆਂ, ਡਰ ਜਾਂ ਅਣਜਾਣਤਾ ਤੋਂ ਪੈਦਾ ਹੋਈਆਂ ਹਨ ਤਾਂ ਸਾਨੂੰ ਧਿਆਨ ’ਚ ਰਖਣਾ ਚਾਹੀਦਾ ਹੈ ਕਿ ਆਸਟ੍ਰੇਲੀਆ ਇੱਕ ਬਹੁ-ਸੱਭਿਚਆਚਾਰ ਵਾਲਾ ਦੇਸ਼ ਹੈ ਅਤੇ ਸਿੱਖ ਭਾਈਚਾਰਾ ਵਿਕਟੋਰੀਆ ਲਈ ਕਈ ਤਰੀਕਿਆਂ ਨਾਲ ਯੋਗਦਾਨ ਪਾਉਂਦਾ ਹੈ।