ਆਸਟ੍ਰੇਲੀਆ ’ਚ ਅੱਧੀਆਂ ਮਾਈਗਰੈਂਟ ਔਰਤਾਂ ਸੋਸ਼ਣ ਦਾ ਸ਼ਿਕਾਰ, ਨਵੀਂ ਰਿਪੋਰਟ ’ਚ ਹੋਏ ਹੈਰਾਨੀਜਨਕ ਖ਼ੁਲਾਸੇ

ਮੈਲਬਰਨ : ਆਸਟ੍ਰੇਲੀਆ ਭਰ ’ਚ 3,000 ਤੋਂ ਵੱਧ ਪ੍ਰਵਾਸੀ ਔਰਤਾਂ ’ਤੇ NSW ਯੂਨੀਅਨਾਂ ਵੱਲੋਂ ਕੀਤੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 50٪ ਔਰਤਾਂ ਨੂੰ ਕੰਮ ‘ਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ। ਮੁੱਖ ਤੌਰ ‘ਤੇ ਉਨ੍ਹਾਂ ਨਾਲ ਮਾਲਕਾਂ, ਗਾਹਕਾਂ ਅਤੇ ਸਹਿਕਰਮੀਆਂ ਵੱਲੋਂ ਜਿਨਸੀ ਸੋਸ਼ਣ ਕੀਤਾ ਗਿਆ। ਸੋਸ਼ਣ ਦੇ ਸਭ ਤੋਂ ਆਮ ਰੂਪ ਗੰਦੀਆਂ ਟਿੱਪਣੀਆਂ, ਮਜ਼ਾਕ, ਅਣਚਾਹੇ ਛੂਹਣ ਅਤੇ ਅਸ਼ਲੀਲ ਸਵਾਲ ਸ਼ਾਮਲ ਸਨ। 75 ਪ੍ਰਤੀਸ਼ਤ ਪੀੜਤਾਂ ਨੇ ਬਦਲਾ ਲਏ ਜਾਣ ਜਾਂ ਵੀਜ਼ਾ ਰੱਦ ਹੋਣ ਦੇ ਡਰ ਕਾਰਨ ਘਟਨਾਵਾਂ ਦੀ ਰਿਪੋਰਟ ਨਹੀਂ ਕੀਤੀ, ਜਿਸ ਨਾਲ ਬੇਬਸੀ ਅਤੇ ਚਿੰਤਾ ਦੀਆਂ ਭਾਵਨਾਵਾਂ ਪੈਦਾ ਹੋਈਆਂ।

ਰਿਪੋਰਟ ਵਿੱਚ ਪ੍ਰਵਾਸੀ ਔਰਤਾਂ ਦੇ ਸ਼ੋਸ਼ਣ ਵਿੱਚ ਯੋਗਦਾਨ ਪਾਉਣ ਵਾਲੇ “ਡਰਾਉਣ-ਧਮਕਾਉਣ ਦੇ ਸੱਭਿਆਚਾਰ” ਅਤੇ ਨਸਲੀ ਰੂੜ੍ਹੀਵਾਦੀ ਧਾਰਨਾਵਾਂ ਨੂੰ ਉਜਾਗਰ ਕੀਤਾ ਗਿਆ ਹੈ। ਸੋਸ਼ਣ ਤੋਂ ਬਚਣ ਲਈ ਬਹੁਤ ਸਾਰੀਆਂ ਪੀੜਤਾਵਾਂ ਨੇ ਆਪਣੀਆਂ ਨੌਕਰੀਆਂ ਤਕ ਛੱਡ ਦਿੱਤੀਆਂ।

ਮਾਹਰਾਂ ਨੇ ਆਸਟ੍ਰੇਲੀਆਈ ਮਨੁੱਖੀ ਅਧਿਕਾਰ ਕਮਿਸ਼ਨ ਲਈ ਬਿਹਤਰ ਵੀਜ਼ਾ ਸੁਰੱਖਿਆ, ਸੁਤੰਤਰ ਪ੍ਰਵਾਸੀ ਮਜ਼ਦੂਰ ਕੇਂਦਰਾਂ ਅਤੇ ਬਿਹਤਰ ਸਰੋਤਾਂ ਦੀ ਮੰਗ ਕੀਤੀ ਹੈ ਤਾਂ ਜੋ ਐਂਟੀ-ਹਰਾਸਮੈਂਟ ਕਾਨੂੰਨ ਦੀ ਪਾਲਣਾ ਦੀ ਨਿਗਰਾਨੀ ਕੀਤੀ ਜਾ ਸਕੇ। ਪ੍ਰਸਤਾਵਿਤ ਹੱਲਾਂ ਵਿੱਚ ਗੁੰਮਨਾਮ ਰਿਪੋਰਟਿੰਗ ਰਸਤੇ ਅਤੇ ਰੁਜ਼ਗਾਰਦਾਤਾਵਾਂ ਨੂੰ ਜਿਨਸੀ ਸ਼ੋਸ਼ਣ ਨੂੰ ਰੋਕਣ ਦੀ ਲੋੜ ਸ਼ਾਮਲ ਹੈ। ਰਿਪੋਰਟ ਦਾ ਉਦੇਸ਼ ਪ੍ਰਵਾਸੀ ਔਰਤਾਂ ਦੇ ਵਿਸ਼ੇਸ਼ ਤਜਰਬਿਆਂ ‘ਤੇ ਚਾਨਣਾ ਪਾਉਣਾ ਅਤੇ ਸੁਰੱਖਿਅਤ ਕੰਮਕਾਜੀ ਹਾਲਾਤ ਦੀ ਵਕਾਲਤ ਕਰਨਾ ਹੈ।