ਨਿਊਜ਼ੀਲੈਂਡ `ਤੇ ਲੱਗੀਆਂ ਦੁਨੀਆਂ ਦੇ ਸਿੱਖਾਂ ਦੀਆਂ ਨਜ਼ਰਾਂ, 17 ਨਵੰਬਰ ਨੂੰ ਪੈਣਗੀਆਂ ਰੈਫਰੈਂਡਮ 2020 ਵੋਟਾਂ

ਮੈਲਬਰਨ : ਦੁਨੀਆ ਭਰ `ਚ ਸਿੱਖ ਬੈਠੇ ਸਿੱਖਾਂ ਦੀਆਂ ਨਜ਼ਰਾਂ ਇਸ ਵੇਲੇ ਨਿਊਜ਼ੀਲੈਂਡ `ਤੇ ਲੱਗੀਆਂ ਹੋਈਆਂ ਹਨ, ਜਿੱਥੇ ਅਗਲੇ ਐਤਵਾਰ 17 ਨਵੰਬਰ ਨੂੰ ਰੈਫਰੈਂਡਮ 2020 ਵਾਸਤੇ ਸਵੇਰ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵੋਟਾਂ ਪੈਣੀਆਂ ਹਨ। ਇਹ ਵੋਟਿੰਗ ਆਕਲੈਂਡ ਸਿਟੀ ਦੀ ਕੁਈਨ ਸਟਰੀਟ `ਤੇ ਔਟੀਆ ਸੁਕੇਅਰ `ਚ ਹੋਣ ਦਾ ਪ੍ਰੋਗਰਾਮ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕੁੱਝ ਹਫ਼ਤਿਆਂ ਤੋਂ ਅਮਰੀਕਾ ਦੀ ਇੱਕ ਟੀਮ ਵੋਟਿੰਗ ਦਾ ਅਮਲ ਨੇਪਰੇ ਚਾੜ੍ਹਨ ਲਈ ਨਿਊਜ਼ੀਲੈਂਡ `ਚ ਪੂਰੀ ਸਰਗਰਮੀ ਨਾਲ ਜੁਟੀ ਹੋਈ ਹੈ। ਜਿਸ ਦਾ ਪ੍ਰਬੰਧ ਅਮਰੀਕਾ ਨਾਲ ਸਬੰਧਤ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਹੋਂਦ `ਚ ਲਿਆਂਦੀ ਗਈ ਇੱਕ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਆਗੂ ਅਵਤਾਰ ਸਿੰਘ ਪੰਨੂੰ ਕਰ ਰਹੇ ਹਨ। ਜਿਸ ਵੱਲੋਂ ਅਹਿਮ ਸੰਸਥਾਵਾਂ ਅਤੇ ਗੁਰੂਘਰਾਂ `ਚ ਰੈਫਰੈਂਡਮ ਸਬੰਧੀ ਪੋਸਟਰ ਲਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ।

ਭਾਵੇਂ ਇਸ ਦੇ ਹਮਾਇਤੀ ਆਮ ਲੋਕਾਂ ਦਾ ਭਰਵਾਂ ਸਮਰਥਨ ਮਿਲਣ ਦਾ ਦਾਅਵਾ ਕਰ ਰਹੇ ਪਰ ਅਹਿਮ ਸੰਸਥਾਵਾਂ ਤੇ ਗੁਰਦੁਆਰਾ ਕਮੇਟੀਆਂ ਨੇ ਖੁੱਲ੍ਹ ਕੇ ਹਮਾਇਤ ਨਹੀਂ ਕੀਤੀ ਅਤੇ ਨਾ ਹੀ ਆਪੋ-ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਪੋਸਟਰ ਸਾਂਝਾ ਕਰ ਕੇ ਲੋਕਾਂ ਨੂੰ ਵੋਟਾਂ ਪਾਉਣ ਵਾਸਤੇ ਅਪੀਲ ਕੀਤੀ ਹੈ। ਪਰ ਇਸ ਦੇ ਨਾਲ ਹੀ ਟੀਮ ਨੂੰ ਗੁਰੂਘਰਾਂ ਜਾਂ ਹੋਰ ਅਹਿਮ ਸਥਾਨਾਂ `ਤੇ ਪੋਸਟਰ ਲਾਉਣ ਤੋਂ ਵੀ ਨਹੀਂ ਵਰਜਿਆ ਗਿਆ। ਸਿਰਫ ਹੇਸਟਿੰਗਜ ਦੇ ਇਕ ਗੁਰੂਘਰ ਵੱਲੋਂ ਕੁੱਝ ਦਿਨ ਪਹਿਲਾਂ ਆਪਣੇ ਫੇਸਬੁੱਕ ਪੇਜ ਰਾਹੀਂ ਰੈਫਰੈਂਡਮ 2020 ਦਾ ਪੋਸਟਰ ਸਾਂਝਾ ਕੀਤਾ ਗਿਆ ਸੀ।

ਪਿਛਲੇ ਦਿਨੀਂ ਆਕਲੈਂਡ `ਚ ਭਾਰਤੀ ਕੌਂਸਲੇਟ ਦੇ ਦਫ਼ਤਰ ਅੱਗੇ ਤਿਰੰਗਾ ਝੰਡਾ ਪਾੜਨ ਦੀ ਘਟਨਾ ਤੋਂ ਬਾਅਦ ਰੈਫਰੈਂਡਮ 2020 ਦੇ ਵਿਰੋਧ `ਚ ਭਾਰਤ ਪੱਖੀ ਕੁੱਝ ਸੰਸਥਾਵਾਂ ਵੱਲੋਂ ਨਿਊਜ਼ੀਲੈਂਡ ਪੁਲੀਸ ਨੂੰ ਸਿ਼ਕਾਇਤ ਵੀ ਕੀਤੀ ਸੀ। ਜਿਸ ਪਿੱਛੋਂ ਟਕਰਾਅ ਵਧਣ ਦੇ ਹਾਲਾਤ ਬਣ ਗਏ ਸਨ ਪਰ ਕੁੱਝ ਲੋਕਲ ਕਮਿਊਨਿਟੀ ਆਗੂਆਂ ਵੱਲੋਂ ਆਪਸੀ ਤਾਲਮੇਲ ਨਾਲ ਦੋਹਾਂ ਧਿਰਾਂ `ਚ ਖਿਚਾਅ ਵਧਣ ਤੋਂ ਟਾਲਾ ਹੋ ਗਿਆ ਸੀ। ਕੀ ਹਾਲਾਤ ਹੋਣਗੇ ਇਹ ਤਾਂ ਸਮਾਂ ਹੀ ਦੱਸੇਗਾ ਪਰ ਅੱਜ ਦੇ ਹਾਲਾਤ ਮੁਤਾਬਕ ਇਹ ਅਮਲ ਸੁਖ-ਸ਼ਾਂਤੀ ਨਾਲ ਨਿਬੜ ਜਾਣ ਦੀ ਆਸ ਹੈ।