ਮੈਲਬਰਨ : ਮੈਲਬਰਨ ਦੇ ਦੱਖਣ-ਪੂਰਬ ਵਿੱਚ ਸਥਿਤ Berwick Springs Lake ਦਾ ਨਾਮ ਬਦਲ ਕੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ‘ਗੁਰੂ ਨਾਨਕ ਲੇਕ’ ਰੱਖਿਆ ਗਿਆ ਹੈ, ਜਿਸ ਦਾ ਦੁਨੀਆ ਭਰ ਦੇ ਸਿੱਖਾਂ ਨੇ ਭਰਵਾਂ ਸਵਾਗਤ ਕੀਤਾ ਹੈ। ਪਰ ਇਸ ਫੈਸਲੇ ਨੇ ਕਈ ਸਥਾਨਕ ਵਸਨੀਕਾਂ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ, ਜਿਨ੍ਹਾਂ ਨੇ ਇਸ ਤਬਦੀਲੀ ਨੂੰ ਵਾਪਸ ਲੈਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਸ਼ੁਰੂ ਕਰ ਦਿੱਤੀ ਹੈ ਜਿਸ ’ਤੇ ਲਗਭਗ 1500 ਦਸਤਖਤ ਕੀਤੇ ਗਏ ਹਨ।
ਸ਼ਨਿਚਰਵਾਰ ਨੂੰ ਨਾਮ ਤਬਦੀਲੀ ਲਈ ਇਕ ਅਧਿਕਾਰਤ ਸਮਾਰੋਹ ਕੀਤਾ ਗਿਆ, ਜਿਸ ਵਿਚ ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ Ingrid Stitt, ਯੋਜਨਾ ਮੰਤਰੀ Sonya Kilkenny ਅਤੇ ਸਥਾਨਕ ਲੇਬਰ ਸੰਸਦ ਮੈਂਬਰ Gary Maas ਅਤੇ Lee Tarlamis ਸਮੇਤ ਸਰਕਾਰੀ ਨੁਮਾਇੰਦੇ ਸ਼ਾਮਲ ਹੋਏ।
ਇਸ ਬਾਰੇ ਇਕ ਔਰਤ ਨੇ ਫੇਸਬੁੱਕ ’ਤੇ ਲਿਖਿਆ, ‘‘ਅਸੀਂ 25 ਸਾਲਾਂ ਤੋਂ Berwick Springs estate ਵਿੱਚ ਰਹਿ ਰਹੇ ਹਾਂ। ਵਸਨੀਕਾਂ ਨੂੰ ਸੂਚਿਤ ਕੀਤੇ ਬਿਨਾਂ ਤੁਸੀਂ ਨਾਮ ਕਿਵੇਂ ਬਦਲ ਸਕਦੇ ਹੋ?’’ ਇੱਕ ਹੋਰ ਨੇ ਨੋਟ ਕੀਤਾ, ‘‘ਗੁਰੂ ਨਾਨਕ ਦੇਵ ਜੀ ਬਿਲਕੁਲ ਸਥਾਨਕ ਨਹੀਂ ਸਨ – ਉਹ 1469 ਵਿੱਚ ਪੈਦਾ ਹੋਏ ਸਨ?’’
ਇਨ੍ਹਾਂ ਪ੍ਰਤੀਕਿਰਿਆਵਾਂ ’ਤੇ Kilkenny ਨੇ ਜਵਾਬ ਵੀ ਦਿੱਤਾ ਹੈ। ਉਨ੍ਹਾਂ ਲਿਖਿਆ, ‘‘ਸਥਾਨਕ ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਲਈ ਗੁਰੂ ਨਾਨਕ ਦੇਵ ਜੀ ਉਨ੍ਹਾਂ ਦੇ ਜੀਵਨ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ। ਅਤੇ ਬਹੁਤ ਪ੍ਰਗਤੀਸ਼ੀਲ ਵੀ – ਸਮਾਨਤਾ, ਸੱਚਾਈ, ਹਮਦਰਦੀ ਅਤੇ ਭਾਈਚਾਰੇ ਦੀ ਸੇਵਾ।’’
Change.org ’ਤੇ ਪਟੀਸ਼ਨ ਪਾਉਣ ਵਾਲੇ Michael Ball ਨੇ ਕਿਹਾ ਕਿ ਪਹਿਲਾਂ ਤੋਂ ਸਥਾਪਤ ਜਨਤਕ ਸਥਾਨ ਦਾ ਨਾਮ ਬਦਲਣ ਦੀ ਪ੍ਰਕਿਰਿਆ ਅਤੇ ਬਿਲਕੁਲ ਗਲਤ ਹੈ। ਉਨ੍ਹਾਂ ਅੱਗੇ ਕਿਹਾ, ‘‘ਇਹ ਅਪਮਾਨਜਨਕ ਹੈ। Berwick Springs Lake ਸਾਡੇ ਸਥਾਨਕ ਖੇਤਰ ਦਾ ਕੇਂਦਰ ਬਿੰਦੂ ਹੈ, ਇਹ ਸਾਡੀ ਪਛਾਣ ਹੈ ਅਤੇ ਹਰ ਕੋਈ ਇਸ ਨੂੰ Berwick Springs ਵਜੋਂ ਜਾਣਦਾ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਸਥਾਨਕ ਭਾਈਚਾਰੇ ਨੂੰ ਸ਼ਨੀਵਾਰ ਨੂੰ ਵੀ ਸੱਦਾ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, ‘‘ਮੈਨੂੰ ਹੈਰਾਨੀ ਹੈ ਕਿ ਕਿਉਂ? ਕਿਉਂਕਿ ਸਾਡੇ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਸੀ। Berwick Springs ਵਿਖੇ ਅਸੀਂ ਸਾਰੇ ਸਾਥੀ ਵਿਕਟੋਰੀਅਨਾਂ ਦੀ ਤਰਫੋਂ ਇਸ ਨਾਲ ਲੜਾਂਗੇ।’’