ਮੈਲਬਰਨ : ਆਸਟ੍ਰੇਲੀਆ ਦੀ ਫੇਰੀ ’ਤੇ ਆਏ ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਜੇਸਨ ਕਲੇਅਰ ਨਾਲ ਦੁਵੱਲੀ ਬੈਠਕ ਕੀਤੀ। ਮੰਤਰੀਆਂ ਨੇ ਸ਼ੁਰੂਆਤੀ ਬਚਪਨ ਸੰਭਾਲ ਅਧਿਆਪਕਾਂ ਦੀ ਸਮਰੱਥਾ ਨਿਰਮਾਣ ਅਤੇ ‘ਸਕੂਲ ਟਵਿਨਿੰਗ’ ਪਹਿਲਕਦਮੀਆਂ ਦੀਆਂ ਸੰਭਾਵਨਾਵਾਂ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਸਾਂਝੀਆਂ ਤਰਜੀਹਾਂ ’ਤੇ ਚਰਚਾ ਕੀਤੀ। ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਉੱਚ ਸਿੱਖਿਆ ਸੰਸਥਾਨਾਂ ਦਰਮਿਆਨ ਮਜ਼ਬੂਤ ਸੰਸਥਾਗਤ ਸਬੰਧਾਂ ਨੂੰ ਅੱਗੇ ਵਧਾਉਂਦੇ ਹੋਏ ਉਹ ਮਹੱਤਵਪੂਰਨ ਅਤੇ ਉੱਭਰ ਰਹੀਆਂ ਤਕਨਾਲੋਜੀਆਂ ‘ਚ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ’ਤੇ ਸਹਿਮਤ ਹੋਏ। ਉਨ੍ਹਾਂ ਨੇ ਭਾਰਤ ਵਿੱਚ ਆਸਟ੍ਰੇਲੀਆਈ ਯੂਨੀਵਰਸਿਟੀਆਂ ਦੇ ਕੈਂਪਸ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦੀ ਵੀ ਪੜਚੋਲ ਕੀਤੀ।
ਪ੍ਰਧਾਨ ਨੇ ਸਾਊਥ ਮੈਲਬਰਨ ਪ੍ਰਾਇਮਰੀ ਸਕੂਲ ਦਾ ਵੀ ਦੌਰਾ ਕੀਤਾ ਅਤੇ ਨੌਜਵਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਲਈ ਸਕੂਲ ਦੀ ਨਵੀਨਤਾਕਾਰੀ ਪਹੁੰਚ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਨੇ ਮੋਨਾਸ਼ ਯੂਨੀਵਰਸਿਟੀ ਦਾ ਵੀ ਦੌਰਾ ਕੀਤਾ ਜਿੱਥੇ ਭਾਰਤੀ ਵਿਦਿਆਰਥੀ 1960 ਦੇ ਦਹਾਕੇ ਤੋਂ ਪੜ੍ਹ ਰਹੇ ਹਨ। ਪ੍ਰਧਾਨ ਨੇ ਇਨੋਵੇਸ਼ਨ ਲੈਬ ਅਤੇ ਸੈਂਟਰ ਫਾਰ ਨੈਨੋਫੈਬ੍ਰੀਕੇਸ਼ਨ ਦਾ ਦੌਰਾ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਵਿਕਟੋਰੀਆ ਆਸਟ੍ਰੇਲੀਆ ਵਿੱਚ ਸਭ ਤੋਂ ਵੱਡੇ ਭਾਰਤੀ ਪ੍ਰਵਾਸੀਆਂ ਦਾ ਘਰ ਹੈ।
ਪ੍ਰਧਾਨ ਨੇ ਬੈਸਟ ਪ੍ਰੈਕਟੀਸਿਜ਼ ਰਿਸਰਚ ਅਤੇ ਉਦਯੋਗ ਭਾਈਵਾਲੀ ਦੀ ਪੜਚੋਲ ਕਰਨ ਲਈ ਰਾਇਲ ਮੈਲਬਰਨ ਇੰਸਟੀਚਿਊਟ ਆਫ ਟੈਕਨਾਲੋਜੀ (RMIT) ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ RMIT ਦੀ ‘ਡਿਸਕਵਰੀ ਟੂ ਡਿਵਾਈਸ’ ਮੈਡ-ਟੈਕ ਨਿਰਮਾਣ ਸਹੂਲਤ ਨੂੰ ਵੀ ਦੇਖਿਆ। ਪ੍ਰਧਾਨ ਨੇ ਕਲੇਅਰ ਨਾੀਲ RMIT ਦੇ ਵਾਈਸ ਚਾਂਸਲਰ ਅਤੇ ਮੁੱਖ ਪ੍ਰੋਫੈਸਰ ਐਲੇਕ ਕੈਮਰੂਨ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ।