ਮੈਲਬਰਨ : NSW ਸਰਕਾਰ ਨੇ ਖੁਲਾਸਾ ਕੀਤਾ ਹੈ ਕਿ 2016 ਤੋਂ ਸਟੇਟ ਦੇ ਲੋਕਾਂ ਤੋਂ ਮਰਚੈਂਟ ਫੀਸ ਵਜੋਂ ਲਗਭਗ 145 ਮਿਲੀਅਨ ਡਾਲਰ ਗਲਤ ਢੰਗ ਨਾਲ ਵਸੂਲੇ ਗਏ ਸਨ। ਹਾਲਾਂਕਿ ਕ੍ਰਾਊਨ ਸਾਲਿਸਿਟਰ ਦੇ ਦਫਤਰ ਨੇ ਵਾਰ-ਵਾਰ ਚੇਤਾਵਨੀ ਦਿੱਤੀ ਸੀ ਕਿ ਇਹ ਗੈਰਕਾਨੂੰਨੀ ਸਨ ਪਰ ਫਿਰ ਵੀ ਇਹ ਫੀਸ Service NSW ਅਤੇ Revenue NSW ਰਾਹੀਂ 92 ਮਿਲੀਅਨ ਤੋਂ ਵੱਧ ਲੈਣ-ਦੇਣ ’ਤੇ ਲਗਾਈ ਗਈ। ਮੌਜੂਦਾ ਮਿਨਸ ਸਰਕਾਰ ਨੇ ਦੋਸ਼ ਲਾਇਆ ਹੈ ਕਿ ਸਾਬਕਾ ਲਿਬਰਲ-ਨੈਸ਼ਨਲ ਸਰਕਾਰ ਫਰਵਰੀ 2016 ਅਤੇ ਦਸੰਬਰ 2022 ਦੇ ਵਿਚਕਾਰ Service NSW ਅਤੇ Revenue NSW ਰਾਹੀਂ ਮਰਚੈਂਟ ਫੀਸ ਵਸੂਲ ਰਹੀ ਸੀ।
ਫੀਸ ਵਿਆਹ ਸਰਟੀਫਿਕੇਟ ਲਈ 29 ਸੈਂਟ ਤੋਂ ਲੈ ਕੇ ਕਾਰ ਰਜਿਸਟ੍ਰੇਸ਼ਨ ਲਈ 1.92 ਡਾਲਰ ਤੱਕ ਸੀ, ਭਾਵੇਂ ਫ਼ੀਸ ਭਰਨ ਵਾਲੇ ਲੋਕਾਂ ਲਈ ਇਹ ਮਾਮੂਲੀ ਰਕਮ ਹੋ ਸਕਦੀ ਹੈ, ਪਰ ਕਸਟਮਰ ਸਰਵਿਸ ਅਤੇ ਡਿਜੀਟਲ ਸਰਕਾਰ ਮੰਤਰੀ Jihad Dib ਨੇ ਜ਼ੋਰ ਦੇ ਕੇ ਕਿਹਾ ਕਿ ਇਹ ਗੈਰਕਾਨੂੰਨੀ ਢੰਗ ਨਾਲ ਵਸੂਲੇ ਗਏ ਸਨ ਅਤੇ ਇਹੀ ਮਹੱਤਵਪੂਰਨ ਹੈ। ਮੌਜੂਦਾ ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਲਈ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ, ਵਿੱਤ ਮੰਤਰੀ Courtney Houssos ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਜਿੰਨੀ ਜਲਦੀ ਹੋ ਸਕੇ ਇਸ ਵਸੂਲੀ ਨੂੰ ਰੋਕਣਾ ਹੈ।
ਇੱਕ ਘਟਨਾ ਪ੍ਰਬੰਧਨ ਟਾਸਕ ਫੋਰਸ ਸਥਾਪਤ ਕੀਤੀ ਗਈ ਹੈ, ਅਤੇ 90٪ ਤੋਂ ਵੱਧ ਆਨਲਾਈਨ ਭੁਗਤਾਨਾਂ ਲਈ ਫੀਸਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ ਹਨ। ਸਰਕਾਰ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਪਿਛਲੀ ਸਰਕਾਰ ਦੇ ਅਧੀਨ ਇਸ ਪ੍ਰਥਾ ਨੂੰ ਇੰਨੇ ਲੰਬੇ ਸਮੇਂ ਤੱਕ ਜਾਰੀ ਰੱਖਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ ਸੀ।