ਮੈਲਬਰਨ : ਉਪ ਪ੍ਰਧਾਨ ਮੰਤਰੀ Richard Marles ਦੇ ‘ਸਟਾਫ਼ ਦੀ ਮੁਖੀ’ Jo Tarnawsky ਨੇ ਆਪਣੇ ਸਾਥੀਆਂ ਅਤੇ ਬੌਸ ’ਤੇ ਕੁਝ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਉਸ ਨੂੰ ਦਫ਼ਤਰ ਅੰਦਰ ਤੰਗ ਪ੍ਰੇਸ਼ਾਨ (ਬੁਲਿੰਗ) ਕੀਤਾ ਜਾ ਰਿਹਾ ਸੀ, ਜਿਸ ਦੀ ਸ਼ਿਕਾਇਤ Marles ਕੋਲ ਕਰਨ ਤੋਂ ਬਾਅਦ ਉਸ ਨੂੰ ਅਹੁਦੇ ਤੋਂ ਤਾਂ ਨਹੀਂ ਹਟਾਇਆ ਗਿਆ ਪਰ ਕੰਮ ਵੀ ਨਹੀਂ ਕਰਨ ਦਿੱਤਾ ਜਾ ਰਿਹਾ ਹੈ।
Marles ਦੇ ਇਕ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ Jo Tarnawsky ਦੇ ਕਈ ਦਾਅਵਿਆਂ ਦਾ ਵਿਰੋਧ ਕੀਤਾ ਗਿਆ ਹੈ ਅਤੇ ਉਨ੍ਹਾਂ ਨਾਲ ‘ਆਦਰ ਅਤੇ ਸ਼ਿਸ਼ਟਾਚਾਰ’ ਨਾਲ ਵਿਵਹਾਰ ਕੀਤਾ ਗਿਆ।
ਜ਼ਿਕਰਯੋਗ ਹੈ ਕਿ Tarnawsky ਦੀ ਸ਼ਿਕਾਇਤ ਵਿਚ Marles ’ਤੇ ਕੋਈ ਸਿੱਧਾ ਦੋਸ਼ ਨਹੀਂ ਲਗਾਇਆ ਗਿਆ ਹੈ। ਉਸ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਰਸਮੀ ਮੁਕੱਦਮੇਬਾਜ਼ੀ ਦੀ ਉਮੀਦ ਨਹੀਂ ਕਰਦੇ, ਪਰ Tarnawsky ਅਜੇ ਵੀ ਤਕਨੀਕੀ ਤੌਰ ’ਤੇ ਚੀਫ ਆਫ ਸਟਾਫ ਹੈ, ਹਾਲਾਂਕਿ ਉਸ ਨੂੰ ਆਪਣਾ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਹੈ।
Tarnawsky ਨੇ ਕਿਹਾ ਕਿ ਉਸ ਨੇ ਅਪ੍ਰੈਲ ਵਿੱਚ ਯੂਕਰੇਨ ਤੋਂ ਵਾਪਸ ਆਉਣ ਵਾਲੀ ਉਡਾਣ ਦੌਰਾਨ ਮਾਰਲਸ ਨਾਲ ਨਿੱਜੀ ਤੌਰ ’ਤੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ, ਪਰ ਆਸਟ੍ਰੇਲੀਆ ਵਾਪਸ ਆਉਣ ’ਤੇ, Marles ਨੇ ਉਸ ਨੂੰ ਸਪੱਸ਼ਟ ਕਰ ਦਿੱਤਾ ਕਿ ਉਸ ਨੂੰ ਦੂਜੀ ਨੌਕਰੀ ਦੀ ਭਾਲ ਸ਼ੁਰੂ ਕਰਨੀ ਚਾਹੀਦੀ ਹੈ। Jo Tarnawsky ਨੇ ਦਾਅਵਾ ਕੀਤਾ ਕਿ ਉਸ ਨੂੰ ਪਹਿਲਾਂ ਤਾਂ ਲੰਮੀ ਛੁੱਟੀ ’ਤੇ ਭੇਜ ਦਿੱਤਾ ਗਿਆ ਅਤੇ ਫਿਰ ਦਫ਼ਤਰ ’ਚ ਦਾਖ਼ਲ ਹੋਣ ਤੋਂ ਵੀ ਰੋਕ ਦਿੱਤਾ ਗਿਆ।