ਸੂਪਰਮਾਰਕੀਟਾਂ ’ਚ ਦੁੱਧ ਦੀਆਂ ਕੀਮਤਾਂ 14 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀਆਂ, ਡੇਅਰੀ ਕਿਸਾਨਾਂ ਨੂੰ ਲੱਗਿਆ ਨਵਾਂ ‘ਦੁੱਧ ਯੁੱਧ’ ਛਿੜਨ ਦਾ ਫ਼ਿਕਰ

ਮੈਲਬਰਨ : ਆਸਟ੍ਰੇਲੀਆ ਦੇ ਸੁਪਰਮਾਰਕੀਟਾਂ ਨੇ ਤਾਜ਼ੇ ਦੁੱਧ ਦੀ ਕੀਮਤ ਘਟਾ ਕੇ 1.55 ਡਾਲਰ ਪ੍ਰਤੀ ਲੀਟਰ ਕਰ ਦਿੱਤੀ ਹੈ, ਜੋ 14 ਸਾਲਾਂ ਵਿੱਚ ਸਭ ਤੋਂ ਘੱਟ ਹੈ। Coles, Woolworths ਅਤੇ Aldi ਦੇ ਇਸ ਕਦਮ ਨੇ ਡੇਅਰੀ ਕਿਸਾਨਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ, ਜਿਨ੍ਹਾਂ ਦਾ ਦਾਅਵਾ ਹੈ ਕਿ ਕੀਮਤਾਂ ਵਿੱਚ ਗਿਰਾਵਟ ਉਨ੍ਹਾਂ ਵੱਲੋਂ ਸਪਲਾਈ ਕੀਤੇ ਜਾਂਦੇ ਦੁੱਧ ਦੀ ਕੀਮਤ ਘਟਾਉਂਦੀ ਹੈ ਅਤੇ ਪਹਿਲਾਂ ਤੋਂ ਹੀ ਘੱਟ ਮਾਰਜਿਨ ’ਤੇ ਦਬਾਅ ਵਧਾਉਂਦੀ ਹੈ। ਡੇਅਰੀ ਫਾਰਮਰਜ਼ ਵਿਕਟੋਰੀਆ ਦੇ ਪ੍ਰਧਾਨ ਮਾਰਕ ਬਿਲਿੰਗ ਨੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ‘ਛੋਟ ਦੀ ਇਹ ਨਵੀਂ ਜੰਗ’ ਕਿਸਾਨਾਂ ਨੂੰ ਵਿੱਤੀ ਸੰਕਟ ਵੱਲ ਧੱਕ ਸਕਦੀ ਹੈ।

ਕੀਮਤਾਂ ’ਚ ਕਟੌਤੀ ਅਜਿਹੇ ਸਮੇਂ ’ਚ ਕੀਤੀ ਗਈ ਹੈ ਜਦੋਂ ਡਿਸਕਾਊਂਟ ਪ੍ਰਾਈਸਿੰਗ ਪ੍ਰਥਾਵਾਂ ਨੂੰ ਲੈ ਕੇ ਵਧਦੀ ਜਾਂਚ ਅਤੇ ਲੰਬੇ ਸਮੇਂ ਤੋਂ ਚੱਲ ਰਹੇ ‘ਦੁੱਧ ਯੁੱਧ’ ਨੇ ਡੇਅਰੀ ਕਿਸਾਨਾਂ ਨੂੰ ਥਕਾ ਦਿੱਤਾ ਹੈ। ਕੀਮਤਾਂ ਵਿੱਚ ਗਿਰਾਵਟ ਆਸਟ੍ਰੇਲੀਆ ਦੇ ਡੇਅਰੀ ਉਦਯੋਗ ਦੀ ਸਥਿਰਤਾ ਬਾਰੇ ਵੀ ਚਿੰਤਾਵਾਂ ਪੈਦਾ ਕਰਦੀ ਹੈ, ਦੁੱਧ ਦਾ ਉਤਪਾਦਨ 30 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਹੈ ਅਤੇ ਡੇਅਰੀ ਆਯਾਤ ਵਿੱਚ ਵਾਧਾ ਹੋਇਆ ਹੈ।