ਮੈਲਬਰਨ : ਨਿਊਜ਼ੀਲੈਂਡ ਦੀ ਤਾਜ਼ਾ ਮਰਦਮਸ਼ੁਮਾਰੀ ’ਚ ਹੈਰਾਨੀਜਨਕ ਅੰਕੜੇ ਸਾਹਮਣੇ ਆ ਰਹੇ ਹਨ। ਦੇਸ਼ ’ਚ ਵਸਦੇ ਅੱਧੇ ਤੋਂ ਵੱਧ ਲੋਕ ਕਿਸੇ ਧਰਮ ਨੂੰ ਨਹੀਂ ਮੰਨਦੇ, ਯਾਨੀਕਿ ਉਹ ਨਾਸਤਿਕ ਹੋ ਗਏ ਹਨ। ਅੰਕੜਿਆਂ ਅਨੁਸਾਰ ਦੇਸ਼ ’ਚ ਵਸਦੇ 51.6% ਲੋਕਾਂ ਦਾ ਕੋਈ ਧਰਮ ਨਹੀਂ ਹੈ।
ਅੰਕੜੇ ਦਸਦੇ ਹਨ ਕਿ ਇਸਾਈ ਧਰਮੀਆਂ ਦੀ ਆਬਾਦੀ 36.5% (2018) ਤੋਂ ਘਟ ਕੇ 32.3% (2023) ਰਹਿ ਗਈ ਹੈ। ਅੱਧੇ ਤੋਂ ਵੱਧ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਕੋਈ ਧਰਮ ਨਹੀਂ ਹੈ। ਮਾਹਰਾਂ ਅਨੁਸਾਰ ਇਹ ਨਵੀਂ ਪੀੜ੍ਹੀ ਦੀ ਸੋਚਣੀ ਦੇ ਫ਼ਰਕ ਕਾਰਨ ਹੋਇਆ ਹੈ। ਹੁਣ ਨਿਊਜ਼ੀਲੈਂਡ ਵਿਚ ਧਾਰਮਿਕ ਨਾ ਅਖਵਾਉਣ ਵਾਲੇ ਲੋਕਾਂ ਦੀ ਗਿਣਤੀ 48.2% (2018) ਤੋਂ ਵਧ ਕੇ 51.6% (2023) ਹੋ ਗਈ ਹੈ ਭਾਵ ਸੰਨ 2023 ਵਿਚ ਧਾਰਮਿਕ ਨਾ ਅਖਵਾਉਣ ਵਾਲਿਆਂ ਦੀ ਗਿਣਤੀ 25,76,049 ਹੋ ਗਈ ਹੈ।
ਹੋਰ ਵੱਡੇ ਧਾਰਮਿਕ ਸਮੂਹਾਂ ਵਿਚ ਹਿੰਦੂ 2.6% (2018) ਤੋਂ 2.9% (2023) ਅਤੇ ਇਸਲਾਮ 1.3% ਤੋਂ 1.5% ਵਧੇ ਹਨ। ਮੈਸੀ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਰਿਟਸ ਆਫ ਹਿਸਟਰੀ ਪੀਟਰ ਲਿਨਹਿਮ ਮੁਤਾਬਿਕ ਇਹ ਵਾਧਾ ਵਿਦੇਸ਼ਾਂ ਵਿੱਚੋਂ ਨਵੇਂ ਆਉਣ ਵਾਲੇ ਪ੍ਰਵਾਸੀਆਂ ਕਾਰਨ ਹੋਇਆ ਹੈ ਜਿਨ੍ਹਾਂ ਵਿੱਚੋਂ ਜਿਆਦਾ ਭਾਰਤ ਵਿਚੋਂ ਆਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਇਹ ਮਹਿਸੂਸ ਕਰਦੀ ਹੈ ਕਿ ਧਾਰਮਿਕ ਸੰਸਥਾਵਾਂ ਨਾਲ ਓਨਾ ਚਿਰ ਜੁੜਨ ਦਾ ਕੋਈ ਫ਼ਾਇਦਾ ਨਹੀਂ ਹੈ ਜਦ ਤੱਕ ਧਾਰਮਿਕ ਸੰਸਥਾਵਾਂ ਦੀ ਕੋਈ ਮਜ਼ਬੂਤ ਪ੍ਰਤੀਬੱਧਤਾ ਨਹੀਂ ਹੈ।