ਕੁਈਨਜ਼ਲੈਂਡ ’ਚ ਭਾਰਤੀ ਮੂਲ ਦੇ ਵਿਅਕਤੀ ਦੇ ਪੈਟਰੋਲ ਸਟੇਸ਼ਨ ’ਚ ਚੌਥੀ ਵਾਰੀ ਲੁੱਟ, ਮਹਿਲਾ ਕਰਮਚਾਰੀ ਸਦਮੇ ’ਚ

ਮੈਲਬਰਨ : ਕੁਈਨਜ਼ਲੈਂਡ ’ਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੇ ਪੈਟਰੋਲ ਸਟੇਸ਼ਨ ’ਚੋਂ ਬੀਤੀ ਰਾਤ ਦੋ ਚੋਰ ਹਜ਼ਾਰਾਂ ਦੀਆਂ ਸਿਗਰੇਟਾਂ ਅਤੇ ਨਕਦੀ ਲੁੱਟ ਕੇ ਲੈ ਗਏ। ਹਥਿਆਰਬੰਦ ਘੁਸਪੈਠੀਆਂ ਵੱਲੋਂ ਤੜਕੇ ਕੀਤੀ ਗਈ ਤੋੜਭੰਨ ਤੋਂ ਬਾਅਦ ਸਰਵਿਸ ਸਟੇਸ਼ਨ ਦੀ ਇੱਕ ਮਹਿਲਾ ਕਰਮਚਾਰੀ ਸਦਮੇ ਵਿੱਚ ਹੈ। ਘਟਨਾ ਕੁਈਨਜ਼ਲੈਂਡ ਦੇ Logan ’ਚ ਸਥਿਤ Underwood Caltex ’ਚ ਵਾਪਰੀ ਜਿੱਥੇ ਚੋਰਾਂ ਨੇ ਕੁਝ ਹੀ ਘੰਟਿਆਂ ’ਚ ਦੋ ਚੋਰੀਆਂ ਨੂੰ ਅੰਜਾਮ ਦਿੱਤਾ।

ਕਾਰੋਬਾਰ ਦੇ ਮਾਲਕ ਅੰਕੁਸ਼ ਧੀਰ ਨੇ ਕਿਹਾ ਕਿ ਉਨ੍ਹਾਂ ਦੀ ਕਰਮਚਾਰੀ ਚੋਰੀ ਦੀ ਘਟਨਾ ਤੋਂ ਬਾਅਦ ਸੱਚਮੁੱਚ ਸਦਮੇ ਵਿੱਚ ਹੈ। ਧੀਰ ਨੇ ਕਿਹਾ ਕਿ ਉਸ ਦੇ 30,000 ਡਾਲਰ ਨਕਦ ਅਤੇ ਲਗਭਗ 60,000 ਡਾਲਰ ਦੇ ਤੰਬਾਕੂ ਦੇ ਉਤਪਾਦ ਚੋਰੀ ਹੋ ਗਏ। ਧੀਰ ਨੇ ਦੱਸਿਆ ਕਿ ਉਨ੍ਹਾਂ ਦਾ ਕਾਰੋਬਾਰ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਚਾਰ ਵਾਰ ਇਸ ਤਰ੍ਹਾਂ ਦੀ ਲੁੱਟ ਦਾ ਸ਼ਿਕਾਰ ਹੋਇਆ ਹੈ। ਕੁਈਨਜ਼ਲੈਂਡ ਪੁਲਿਸ ਨੇ  18 ਸਾਲ ਦੇ Aaron Joseph Huiarangi ਨੂੰ ਚੋਰੀ ਦੇ ਦੋਸ਼ ’ਚ ਅਦਾਲਤ ’ਚ ਪੇਸ਼ ਕੀਤਾ ਹੈ।