ਮੈਲਬਰਨ : ਆਸਟ੍ਰੇਲੀਆ ਦਾ ਹਾਊਸਿੰਗ ਸੰਕਟ ਘਟਦਾ ਜਾ ਰਿਹਾ ਹੈ ਕਿਉਂਕਿ ਰਿਹਾਇਸ਼ ਦੀਆਂ ਕੀਮਤਾਂ ’ਚ ਵਾਧਾ ਨਰਮ ਪੈ ਗਿਆ ਹੈ। ਇਹੀ ਨਹੀਂ ਮਕਾਨਾਂ ਦੇ ਕਿਰਾਏ ਵੀ ਚਾਰ ਸਾਲਾਂ ਵਿੱਚ ਆਪਣੀ ਸਭ ਤੋਂ ਹੌਲੀ ਰਫਤਾਰ ਨਾਲ ਵਧ ਹਨ। CoreLogic ਦੀ ਸਤੰਬਰ ਮਹੀਨੇ ਲਈ ਰਿਪੋਰਟ ਦੇ ਅਨੁਸਾਰ, ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਪੂਰੇ ਆਸਟ੍ਰੇਲੀਆ ’ਚ ਅੌਸਤਨ 0.4٪ ਦਾ ਵਾਧਾ ਹੋਇਆ, ਜਦੋਂ ਕਿ PropTrack ਦਾ ਹਾਊਸਿੰਗ ਇੰਡੈਕਸ 0.04٪ ਵਧਿਆ। ਸਤੰਬਰ ਨਾਲ ਖ਼ਤਮ ਹੋਈ ਤਿਮਾਹੀ ’ਚ ਚਾਰ ਰਾਜਧਾਨੀ ਸ਼ਹਿਰਾਂ ਅੰਦਰ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ, ਜਿਸ ’ਚ ਮੈਲਬਰਨ ’ਚ 1.1 ਫੀਸਦੀ, ਕੈਨਬਰਾ ’ਚ 0.3 ਫੀਸਦੀ, ਹੋਬਾਰਟ ’ਚ 0.4 ਫੀਸਦੀ ਅਤੇ ਡਾਰਵਿਨ ’ਚ 0.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਪਰਥ (4.7٪), ਐਡੀਲੇਡ (4٪), ਬ੍ਰਿਸਬੇਨ (2.7٪) ਅਤੇ ਸਿਡਨੀ (0.5٪) ਵਿੱਚ ਕੀਮਤਾਂ ਵਿੱਚ ਵਾਧਾ ਹੋਇਆ ਹੈ।
ਹਾਲਾਂਕਿ CoreLogic ਦੇ ਖੋਜ ਨਿਰਦੇਸ਼ਕ ਟਿਮ ਲਾਲੇਸ ਦਾ ਕਹਿਣਾ ਹੈ ਕਿ ਰੀਅਲ ਅਸਟੇਟ ਇਨਵੈਂਟਰੀ ਵਿਚ ਵਾਧਾ ਇਕ ਮੌਸਮੀ ਰੁਝਾਨ ਹੈ, ਜਿਸ ਵਿਚ ਬਸੰਤ ਵਿਕਰੀ ਲਈ ਵਿਅਸਤ ਸਮਾਂ ਹੁੰਦਾ ਹੈ। ਵਿਕਰੀਯੋਗ ਪ੍ਰਾਪਰਟੀਆਂ ਦੀ ਨਵੀਂ ਸੂਚੀ ਪਿਛਲੇ ਸਾਲ ਦੇ ਮੁਕਾਬਲੇ 3.2٪ ਵੱਧ ਹੈ ਅਤੇ ਪੰਜ ਸਾਲਾਂ ਦੇ ਔਸਤ ਤੋਂ 8.8٪ ਵੱਧ ਹੈ। ਦਰਅਸਲ ਰਿਜ਼ਰਵ ਬੈਂਕ ਦੇ 13 ਵਿਆਜ ਦਰਾਂ ਵਿੱਚ ਵਾਧੇ ਅਤੇ ਉੱਚ ਬੇਰੁਜ਼ਗਾਰੀ ਦਰ ਨੇ ਮੰਗ ਨੂੰ ਘਟਾ ਦਿੱਤਾ ਹੈ ਜਿਸ ਕਾਰਨ ਕੀਮਤਾਂ ’ਚ ਵਾਧਾ ਨਰਮ ਪੈ ਗਿਆ ਹੈ। ਮਾਹਰਾਂ ਦਾ ਅਨੁਮਾਨ ਹੈ ਕਿ ਬਸੰਤ ਰੁੱਤ ਦੇ ਵਿਕਰੀ ਸੀਜ਼ਨ ਦੌਰਾਨ ਕੀਮਤਾਂ ਹੌਲੀ ਹੌਲੀ ਵਧ ਸਕਦੀਆਂ ਹਨ।