ਮੈਲਬਰਨ : ਪਿਛਲੇ ਕੁਝ ਦਿਨਾਂ ਵਿੱਚ ਬਹੁਤ ਸਾਰੇ OCI ਕਾਰਡ ਧਾਰਕਾਂ ਵੱਲੋਂ Overseas Citizenship of India (OCI) ਨਿਯਮਾਂ ’ਚ ਸੋਧ ਦੀ ਕੀਤੀ ਜਾ ਰਹੀ ਸ਼ਿਕਾਇਤ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਬੇਬੁਨਿਆਦ ਦਸਿਆ ਹੈ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇਸ ਸਾਰੇ ਸਪੱਸ਼ਟੀਕਰਨ ਜਾਰੀ ਕਰ ਕੇ ਕਿਹਾ ਹੈ ਕਿ OCI ਨਿਯਮਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਕੁੱਝ ਅਸਪੱਸ਼ਟ ਖ਼ਬਰਾਂ ’ਚ ਦਸਿਆ ਗਿਆ ਸੀ ਕਿ ‘OCI ਕਾਰਡ ਧਰਕਾਂ ਨੂੰ ਵਿਦੇਸ਼ੀ ਵਜੋਂ ਮੁੜ ਸ਼੍ਰੇਣੀਬੱਧ ਕੀਤਾ ਗਿਆ ਹੈ।’ ਅਜਿਹੀਆਂ ਖ਼ਬਰਾਂ ਸਨ ਕਿ OCI ਕਾਰਡ ਧਾਰਕਾਂ ਨੂੰ ਭਾਰਤ ’ਚ ਜੰਮੂ-ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ਵਰਗੇ ਸੁਰੱਖਿਅਤ ਜਾਂ ਪਾਬੰਦੀਸ਼ੁਦਾ ਖੇਤਰਾਂ ਵਿੱਚ ਜਾਣ ਦੀ ਇਜਾਜ਼ਤ ਲੈਣ ਦੀ ਲੋੜ ਸੀ।
ਪਰ ਨਿਊਯਾਰਕ ’ਚ ਭਾਰਤੀ ਕੌਂਸਲੇਟ ਜਨਰਲ ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ, ‘‘ਭਾਰਤੀ ਅਮਰੀਕੀ ਭਾਈਚਾਰੇ ਦੇ ਦੋਸਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ OCI ਕਾਰਡ ਧਾਰਕਾਂ ਲਈ ਹਾਲ ਹੀ ਵਿੱਚ ਕੋਈ ਨਵਾਂ ਬਦਲਾਅ ਨਹੀਂ ਕੀਤਾ ਗਿਆ ਹੈ। OCI ਕਾਰਡ ਧਾਰਕਾਂ ਦੇ ਅਧਿਕਾਰਾਂ ਬਾਰੇ ਗਜ਼ਟ ਨੋਟੀਫਿਕੇਸ਼ਨ F.No.26011/CC/05/2018-OCI ਮਿਤੀ 4 ਮਾਰਚ, 2021 ਦੀਆਂ ਵਿਵਸਥਾਵਾਂ ਲਾਗੂ ਰਹਿਣਗੀਆਂ।’’