ਸਿੱਖ ਵਲੰਟੀਅਰਾਂ ਦੀ ਨਿਸ਼ਕਾਮ ਸੇਵਾ ਨੂੰ ਮਿਲਿਆ ਵਿਕਟੋਰੀਆ ਸਰਕਾਰ ਦਾ ਸਮਰਥਨ, ਲੋੜਵੰਦਾਂ ਦੀ ਮਦਦ ਲਈ ਦਿੱਤੇ 750,000 ਡਾਲਰ

ਮੈਲਬਰਨ : ਲੋੜਵੰਦ ਵਿਕਟੋਰੀਆ ਵਾਸੀਆਂ ਨੂੰ ਮੁਫਤ ਭੋਜਨ ਪ੍ਰਦਾਨ ਕਰਨ ਵਾਲੀ ਗੈਰ-ਮੁਨਾਫਾ ਸੰਸਥਾ ‘ਸਿੱਖ ਵਲੰਟੀਅਰਜ਼ ਆਸਟ੍ਰੇਲੀਆ’ ਦੀ ਮਦਦ ਲਈ ਸਟੇਟ ਦੀ ਐਲਨ ਲੇਬਰ ਸਰਕਾਰ ਵੀ ਅੱਗੇ ਆਈ ਹੈ। ਸਰਕਾਰ ਨੇ ਸਿੱਖ ਸੰਸਥਾ ਨੂੰ ਤਿੰਨ ਨਵੀਆਂ ਗੱਡੀਆਂ ਖ਼ਰੀਦਣ ਲਈ 500,000 ਡਾਲਰ ਅਤੇ ਇੱਕ ਨਵੀਂ ਰਸੋਈ ਸਹੂਲਤ ਲਈ 250,000 ਡਾਲਰ ਦਾ ਯੋਗਦਾਨ ਦਿੱਤਾ ਹੈ। ਇਹ ਫੰਡਿੰਗ, ਅਲਬਾਨੀਜ਼ ਲੇਬਰ ਸਰਕਾਰ ਤੋਂ ਹੋਰ 700,000 ਡਾਲਰ ਦੇ ਨਾਲ ਮਿਲ ਕੇ, ਸੰਗਠਨ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਆਫ਼ਤ ਰਾਹਤ ਸਮਰੱਥਾਵਾਂ ਨੂੰ ਵਧਾਏਗੀ।

ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਨੇ 2023 ਵਿੱਚ 28,000 ਤੋਂ ਵੱਧ ਮੁਫਤ ਭੋਜਨ ਵੰਡੇ ਸਨ ਅਤੇ ਜੰਗਲਾਂ ਵਿੱਚ ਲੱਗੀ ਅੱਗ ਅਤੇ ਹੜ੍ਹਾਂ ਵਰਗੇ ਸੰਕਟਾਂ ਦੌਰਾਨ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ। ਮੰਤਰੀ Ros Spence ਅਤੇ Ingrid Stitt ਨੇ ਸੰਗਠਨ ਦੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਿਵੇਸ਼ ਉਨ੍ਹਾਂ ਨੂੰ ਲੋੜਵੰਦ ਵਿਕਟੋਰੀਅਨਾਂ ਤੱਕ ਪਹੁੰਚਣ ਦੇ ਯੋਗ ਬਣਾਏਗਾ। Hastings ਦੇ ਮੈਂਬਰ Paul Mercurio ਨੇ ਅਜਿਹੇ ਨਿਵੇਸ਼ਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ, ਖ਼ਾਸਕਰ ਜਦੋਂ ਬਹੁਤ ਸਾਰੇ ਵਿਕਟੋਰੀਅਨ ਸੰਘਰਸ਼ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਨੇ ਮੈਲਬਰਨ ਦੇ ਸਾਊਥ ਈਸਟ ਵਿੱਚ ਪੈਂਦੇ ਲੈਂਗਵਾਰਿਨ ਇਲਾਕੇ ‘ਚ ਇੱਕ ਹਾਈ-ਟੈਕ ਰਸੋਈ ਦੀ ਸਥਾਪਨਾ ਕੀਤੀ ਹੈ। ਇਹ ਰਸੋਈ ਬਹੁਤ ਹੀ ਘੱਟ ਸੇਵਾਦਾਰਾਂ ਦੀ ਮੱਦਦ ਦੇ ਨਾਲ ਕੁੱਝ ਹੀ ਘੰਟਿਆਂ ਦੇ ਅੰਦਰ ਤਕਰੀਬਨ 8,000 ਲੋਕਾਂ ਲਈ ਲੰਗਰ ਤਿਆਰ ਕਰ ਸਕਦੀ ਹੈ। ਇਸ ਦੀ ਸ਼ੁਰੂਆਤ ਬੀਤੇ ਐਤਵਾਰ 29 ਸਤੰਬਰ ਨੂੰ ਹੋਈ।