ਗਗਨਯਾਨ ’ਤੇ ਲਗਾਤਾਰ ਨਜ਼ਰ ਰੱਖਣ ਲਈ ਆਸਟ੍ਰੇਲੀਆ ਦੇ ਟਾਪੂ ’ਤੇ ਟਰੈਕਿੰਗ ਸਟੇਸ਼ਨ ਬਣਾਏਗਾ ਭਾਰਤ

ਮੈਲਬਰਨ : ਭਾਰਤ ਆਪਣੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ‘ਗਗਨਯਾਨ’ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਕਈ ਮਨੁੱਖ ਰਹਿਤ ਟੈਸਟ ਅਤੇ ਉਡਾਣਾਂ ਚਲਾਈਆਂ ਜਾਣਗੀਆਂ। ਇਸ ਮਿਸ਼ਨ ਵਿੱਚ ਆਸਟ੍ਰੇਲੀਆ ਦਾ ਵੀ ਮਹੱਤਵਪੂਰਨ ਯੋਗਦਾਨ ਹੈ। ਆਸਟ੍ਰੇਲੀਆਈ ਪੁਲਾੜ ਏਜੰਸੀ (ASA) ਦੇ ਮੁਖੀ ਐਨਰੀਕੋ ਪਾਲੇਰਮੋ ਨੇ ਕਿਹਾ ਹੈ ਕਿ ਗਗਨਯਾਨ ਮਿਸ਼ਨ ਲਈ ਆਸਟ੍ਰੇਲੀਆ ਦੇ ਕੋਕੋਸ (ਕੀਲਿੰਗ) ਟਾਪੂ ’ਤੇ ਇਕ ਅਸਥਾਈ ਗਰਾਊਂਡ ਸਟੇਸ਼ਨ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿੱਚ ਟਰੈਕਿੰਗ ਪ੍ਰਣਾਲੀਆਂ ਦੇ ਨਿਰਮਾਣ ਨਾਲ ਸਬੰਧਤ ਯੋਜਨਾਬੰਦੀ ਵੀ ਸ਼ਾਮਲ ਹੈ। ਇਹ ਟਾਪੂ ਆਸਟ੍ਰੇਲੀਆ ਦੀ ਸਮੁੰਦਰੀ ਹੱਦ ਤੋਂ ਥੋੜ੍ਹਾ ਬਾਹਰ ਹਿੰਦ ਮਹਾਂਸਾਗਰ ’ਚ ਮੌਜੂਦ ਹੈ।

ASA ਦੇ ਮੁਖੀ ਨੇ ਕਿਹਾ ਕਿ ਭਾਰਤੀ ਟੀਮ ਨੇ ਟਾਪੂਆਂ ਦਾ ਦੌਰਾ ਕੀਤਾ, ਸਾਈਟ ਦਾ ਸਰਵੇਖਣ ਕੀਤਾ ਅਤੇ ਪੁਸ਼ਟੀ ਕੀਤੀ ਕਿ ਇਹ ਅਸਥਾਈ ਗਰਾਊਂਡ ਸਟੇਸ਼ਨ ਲਈ ਢੁਕਵਾਂ ਹੈ। ਉਹ ਹੁਣ ਇਨ੍ਹਾਂ ਟਰੈਕਿੰਗ ਪ੍ਰਣਾਲੀਆਂ ਨੂੰ ਸਥਾਪਤ ਕਰਨ ਲਈ ਇੱਕ ਆਸਟ੍ਰੇਲੀਆਈ ਪ੍ਰੋਜੈਕਟ ਮੈਨੇਜਰ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਸਰਕਾਰ ਤੱਕ ਹਰ ਪਹੁੰਚ ਨੂੰ ਧਿਆਨ ’ਚ ਰੱਖਦੇ ਹੋਏ ਇਸ ਨੂੰ ਲਾਗੂ ਕਰਨ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਨੇ ਇਨ੍ਹਾਂ ਟਾਪੂਆਂ ਨੂੰ ਇਸ ਲਈ ਚੁਣਿਆ ਹੈ ਕਿਉਂਕਿ ਜਦੋਂ ਤੁਸੀਂ ਗਗਨਯਾਨ ਉਡਾਣ ਦੇ ਰਸਤੇ ਨੂੰ ਵੇਖਦੇ ਹੋ, ਤਾਂ ਇਹ ਟਰੈਕਿੰਗ, ਟੈਲੀਮੈਟਰੀ ਅਤੇ ਕੰਟਰੋਲ ਕਰਨ ਲਈ ਸਭ ਤੋਂ ਢੁਕਵੀਂ ਜਗ੍ਹਾ ਹੈ। ਇੱਥੋਂ ਗਗਨਯਾਨ ਦੀ ਪੂਰੀ ਟ੍ਰੇਜ਼ੈਕਟਰੀ ’ਤੇ ਨਜ਼ਰ ਰੱਖੀ ਜਾ ਸਕਦੀ ਹੈ।