ਮੈਲਬਰਨ : ਪਰਥ ਦੇ ਇਕ ਵਿਅਕਤੀ ਨੂੰ ਹਵਾਈ ਉਡਾਨ ਦੌਰਾਨ ਸ਼ਰਾਬ ਪੀ ਕੇ ਖੱਪ ਪਾਉਣ ਲਈ ਲਗਭਗ 20,000 ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਗਿਆ ਹੈ। Wade Douglas Corbett ਵੱਲੋਂ ਲੋਕਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਕਾਰਨ ਪਿਛਲੇ ਸਾਲ Jetstar ਦੀ ਉਡਾਣ ਨੂੰ ਅੱਧ-ਵਿਚਕਾਰੋਂ ਵਾਪਸ ਮੁੜਨਾ ਪਿਆ ਅਤੇ ਰੱਦ ਕਰ ਦਿੱਤੀ ਗਈ ਸੀ।
ਉਸ ਨੇ ਕਥਿਤ ਤੌਰ ’ਤੇ ਆਪਣੀ ਸੀਟ ਬੈਲਟ ਬੰਨ੍ਹਣ ਤੋਂ ਇਨਕਾਰ ਕਰ ਦਿੱਤਾ ਸੀ, ਕੈਬਿਨ ਸਟਾਫ ਨੇ ਉਸ ਨੂੰ ਹੋਰ ਸ਼ਰਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਪਾਇਲਟ ਵੱਲੋਂ ਸੰਪਰਕ ਕੀਤੇ ਜਾਣ ’ਤੇ ਉਸ ਨੇ ਖ਼ੁਦ ਨੂੰ ਬਾਥਰੂਮ ਵਿੱਚ ਬੰਦ ਕਰ ਲਿਆ।
ਇਹ ਉਡਾਣ ਸਿਡਨੀ ਜਾ ਰਹੀ ਸੀ ਪਰ Corbett ਦੇ ਵਿਵਹਾਰ ਕਾਰਨ ਉਸ ਨੂੰ ਪਰਥ ਵਾਪਸ ਜਾਣਾ ਪਿਆ, ਜਿਸ ਕਾਰਨ 150 ਯਾਤਰੀ ਰਾਤ ਭਰ ਫਸੇ ਰਹੇ। ਪਰਥ ਮੈਜਿਸਟ੍ਰੇਟ ਅਦਾਲਤ ਨੇ 34 ਸਾਲ ਦੇ Corbett ’ਤੇ 9,000 ਡਾਲਰ ਦਾ ਜੁਰਮਾਨਾ ਲਗਾਇਆ ਹੈ ਅਤੇ ਫ਼ਿਊਲ ਦੀ ਬਰਬਾਦੀ ਲਈ 8,630 ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।