ਮੈਲਬਰਨ ਦੇ ਘਰ ਬਾਹਰੋਂ ਗੰਭੀਰ ਹਾਲਤ ’ਚ ਮਿਲਿਆ ਨਵਜੰਮਿਆ ਬੱਚਾ, ਮਾਂ ਪੁਲਿਸ ਨਿਗਰਾਨੀ ’ਚ

ਮੈਲਬਰਨ: ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ’ਚ ਇਕ ਘਰ ਦੇ ਬਾਹਰ ਇਕ ਨਵਜੰਮਿਆ ਬੱਚਾ ਮਿਲਿਆ ਹੈ ਜਿਸ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਨ। ਪੁਲਿਸ ਨੇ ਦੱਸਿਆ ਕਿ ਬੱਚਾ ਤੜਕੇ 2:40 ਵਜੇ ਦੇ ਕਰੀਬ Dandenong North ਵਿੱਚ Gladstone ਰੋਡ ਵਿਖੇ ਸਥਿਤ ਘਰ ਦੇ ਬਾਹਰ ਮਿਲਿਆ, ਜਿਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸੇ ਘਰ ’ਚੋਂ ਇਕ 25 ਸਾਲ ਦੀ ਔਰਤ ਨੂੰ ਵੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਅਜੇ ਵੀ ਪੁਲਿਸ ਦੀ ਨਿਗਰਾਨੀ ਹੇਠ ਹੈ। ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪੁਲਿਸ ਨੇ ਕਿਹਾ ਕਿ ਘਟਨਾ ਦੇ ਆਲੇ-ਦੁਆਲੇ ਦੇ ਹਾਲਾਤ ਦੀ ਜਾਂਚ ਕੀਤੀ ਜਾ ਰਹੀ ਹੈ, ਕਿ ਕੀ ਬੱਚੇ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਇਆ ਗਿਆ ਸੀ, ਅਤੇ ਕੀ ਔਰਤ ਨੂੰ ਪਹਿਲਾਂ ਤੋਂ ਪਤਾ ਸੀ ਕਿ ਉਹ ਗਰਭਵਤੀ ਹੈ ਜਾਂ ਨਹੀਂ। ਗੁਆਂਢੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਤੜਕਸਾਰ ਔਰਤ ਦੇ ਬਆਏਫ਼ਰੈਂਡ ਦਾ ਫ਼ੋਨ ਆਇਆ ਸੀ ਜਿਸ ਨੇ ਉਨ੍ਹਾਂ ਨੂੰ ਔਰਤ ਦੀ ਮਦਦ ਕਰਨ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਐਂਬੂਲੈਂਸ ਸੱਦੀ ਗਈ। ਐਂਬੂਲੈਂਸ ਨੇ ਹੀ ਘਰ ਬਾਹਰ ਬੱਚੇ ਨੂੰ ਵੇਖਿਆ।