NSW ਦੇ Wentworth ਤੋਂ ਆਏ ਵਫਦ ਨੇ ਫ਼ਰੀਦਕੋਟ ਦੇ ਗੁੜ, ਸ਼ਹਿਦ ਅਤੇ ਸ਼ੱਕਰ ’ਚ ਦਿਖਾਈ ਦਿਲਚਸਪੀ

ਫ਼ਰੀਦਕੋਟ : ਪੰਜਾਬ ਆਏ ਆਸਟ੍ਰੇਲੀਆ ਦੇ ਸਟੇਟ ਨਿਊ ਸਾਊਥ ਵੇਲਜ਼ (NSW) ਸਥਿਤ Wentworth ਸ਼ਹਿਰ ਤੋਂ 6 ਮੈਂਬਰੀ ਵਫਦ ਨੇ ਮੰਗਲਵਾਰ ਨੂੰ ਫ਼ਰੀਦਕੋਟ ਦੇ ਕਿਸਾਨਾਂ, ਵਿਗਿਆਨੀਆਂ ਅਤੇ ਡਾਕਟਰਾਂ ਨਾਲ ਮੁਲਾਕਾਤ ਕੀਤੀ। ਇਹ ਵਫ਼ਦ ਭਾਰਤ-ਆਸਟ੍ਰੇਲੀਆ ਅਦਾਨ-ਪ੍ਰਦਾਨ ਸਮਝੌਤੇ ਤਹਿਤ ਸੋਮਵਾਰ ਨੂੰ ਪੰਜਾਬ ਆਇਆ ਸੀ।

ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵੈਂਟਵਰਥ ਸ਼ਹਿਰ ਅਤੇ ਫਰੀਦਕੋਟ ਵਿੱਚ ਹੋਣ ਜਾ ਰਹੇ ਵਪਾਰਕ ਸਮਝੌਤਿਆਂ ਬਾਰੇ ਦਸਦਿਆਂ ਦੁਹਰਾਇਆ ਕਿ ਆਸਟ੍ਰੇਲੀਆ ਦੇ ਸ਼ਹਿਰ ਵੈਂਟਵਰਥ ਅਤੇ ਫ਼ਰੀਦਕੋਟ ਵਿਚਕਾਰ ਸਿਸਟਰ ਸਿਟੀ ਟਵਿਨ ਟਾਊਨ ਪ੍ਰਾਜੈਕਟ ਤਹਿਤ ਸਮਝੌਤਾ ਹੋਣ ਜਾ ਰਿਹਾ ਹੈ, ਜਿਸ ਤਹਿਤ ਦੋਹਾਂ ਸ਼ਹਿਰਾਂ (ਵੈਂਟਵਰਥ ਅਤੇ ਫਰੀਦਕੋਟ) ਦੇ ਲੋਕ ਆਪਸ ਵਿਚ ਵਸਤਾਂ ਅਤੇ ਸੁਵਿਧਾਵਾਂ ਦਾ ਅਦਾਨ ਪ੍ਰਦਾਨ ਕਰ ਸਕਣਗੇ ।

ਮੰਗਲਵਾਰ ਦੀਆਂ ਮਿਲਣੀਆਂ ਦੌਰਾਨ ਵਿਧਾਇਕ ਸੇਖੋਂ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਮੁੱਖ ਖੇਤੀਬਾੜੀ ਅਫਸਰ ਨਾਲ ਵਫਦ ਨੂੰ ਰੂਬਰੂ ਕਰਵਾਇਆ। 6 ਮੈਂਬਰੀ ਵਫਦ ਨੂੰ ਜਿੱਥੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਇਸ ਇਲਾਕੇ ਦੇ ਅਤੇ ਆਸ-ਪਾਸ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਖਾਸ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ, ਉੱਥੇ ਨਾਲ ਹੀ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਕਿਸਾਨਾਂ ਨੂੰ ਮਿਲਵਾਇਆ ਅਤੇ ਖੇਤੀਬਾੜੀ ਦਫਤਰ ਦਾ ਵੀ ਦੌਰਾ ਕਰਵਾਇਆ।

ਮੁੱਖ ਖੇਤੀਬਾੜੀ ਅਫਸਰ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਵਫਦ ਦੀ ਫਰੀਦਕੋਟ ਸ਼ਹਿਰ ਬਾਰੇ ਜਗਿਆਸਾ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਣ ਉਪਰੰਤ ਕਾਫੀ ਵਧੀ ਹੋਈ ਪ੍ਰਤੀਤ ਹੋਈ। ਉਨ੍ਹਾਂ ਦੱਸਿਆ ਕਿ ਇਸ ਵਫਦ ਨੇ ਖਾਸ ਕਰਕੇ ਫਰੀਦਕੋਟ ਵਿਖੇ ਚਲਾਏ ਜਾ ਰਹੇ ਮਸ਼ਹੂਰ ਗੁੜ੍ਹ, ਚੋਖੀ ਮਿਕਦਾਰ ਵਿੱਚ ਤਿਆਰ ਕੀਤੇ ਜਾ ਰਹੇ ਸ਼ਹਿਦ, ਚਟਕਾਰੇ ਲੈ ਕੇ ਖਾਣ ਵਾਲੇ ਆਚਾਰ, ਹਰ ਮੌਸਮ ਵਿੱਚ ਵੱਖ-ਵੱਖ ਫਲਾਂ ਦੇ ਰਸ ਤੋਂ ਤਿਆਰ ਕੀਤੇ ਗਏ ਡੱਬਾਬੰਦ ਤਰਲ ਪਦਾਰਥ ਅਤੇ ਖੇਤਾਂ ਦੀ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਇਜ਼ਾਫਾ ਕਰਨ ਵਾਲੀ ਗੰਡੋਆ ਖਾਦ ਵਿੱਚ ਖਾਸ ਦਿਲਚਸਪੀ ਜ਼ਾਹਰ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫਰੀਦਕੋਟ ਵਿਖੇ ਚੀਨੀ ਦੇ ਬਦਲ ਵਜੋਂ ਇਸਤੇਮਾਲ ਕੀਤੀ ਜਾ ਰਹੀ ਸ਼ੱਕਰ ਦੇ ਰੁਝਾਨ ਪ੍ਰਤੀ ਵੀ ਵਫਦ ਵਿੱਚ ਕਾਫੀ ਜਗਿਆਸਾ ਨਜ਼ਰ ਆਈ। ਉਨ੍ਹਾਂ ਵੱਲੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਮਹੀਨ ਕਾਰੀਗਰੀ ਦਾ ਪੰਜਾਬੀ ਜੁੱਤੀ ਬਣਾਉਣ ਵਿੱਚ ਜੌਹਰ ਦਿਖਾਉਣ ਵਾਲੇ ਕਾਰੀਗਰਾਂ ਬਾਰੇ ਵੀ ਭਰਪੂਰ ਜਾਣਕਾਰੀ ਇੱਕਤਰ ਕੀਤੀ ਗਈ।

ਐਮ.ਐਲ.ਏ ਸੇਖੋਂ ਨੇ ਇਸ ਵਫਦ ਨੂੰ ਫਰੀਦਕੋਟ ਵਿਖੇ ਰਸ ਭਰਪੂਰ ਨਵੀਂ ਕਿਸਮ ਦੇ ਫਲਾਂ ਦੀ ਉਪਲਬਧਤਾ, ਵਿਕਰੀ ਅਤੇ ਅਗਾਂਹਵਧੂ ਕਿਸਾਨਾਂ ਵੱਲੋਂ ਇਨ੍ਹਾਂ ਨੂੰ ਉਗਾਉਣ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਨ੍ਹਾਂ ਫਲਾਂ ਵਿੱਚ ਖਾਸ ਤੌਰ ’ਤੇ ਬਲੈਕ ਬੈਰੀ, ਐਵੋਕੈਡੋ, ਡਰੈਗਨ ਫਰੂਟ, ਲੈਮਨ ਗਰਾਸ, ਸਟੀਵੀਆ ਪੌਦਾ ਅਤੇ ਇਸ ਤਰ੍ਹਾਂ ਦੇ ਹੋਰ ਫਲਾਂ ਬਾਰੇ ਦੱਸ ਕੇ ਵਫਦ ਦੀ ਜਾਣਕਾਰੀ ਵਿੱਚ ਇਜ਼ਾਫਾ ਕੀਤਾ ਗਿਆ।

ਵਫਦ ਵੱਲੋਂ ਅਗਾਂਹਵਧੂ ਕਿਸਾਨਾਂ ਨਾਲ ਮਿਲਣੀ ਦੌਰਾਨ ਮਿੱਟੀ ਅਤੇ ਖਾਦ ਪਰਖ ਕੇਂਦਰਾਂ ਦੇ ਦੌਰੇ ਤੋਂ ਇਲਾਵਾ, ਖੇਤੀਬਾੜੀ ਵਿਭਾਗ ਵੱਲੋਂ ਲਗਾਏ ਟਰਾਇਲ ਫਾਰਮਾਂ ਵਿੱਚ ਉਗਾਈ ਗਈ ਕਪਾਹ ਅਤੇ ਗੰਨੇ ਦੀ ਫਸਲ ਬਾਰੇ ਵੀ ਜਾਣਕਾਰੀ ਇੱਕਤਰ ਕੀਤੀ।