ਮੈਲਬਰਨ : ਆਸਟ੍ਰੇਲੀਆ ਵਿੱਚ ਨਸ਼ੀਲੇ ਪਦਾਰਥਾਂ ਦੇ ਅਪਰਾਧ ਵਿਰੁੱਧ ਦੇਸ਼ ਵਿਆਪੀ ਕਾਰਵਾਈ ਦੇ ਨਤੀਜੇ ਵਜੋਂ 1600 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 93 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। 19 ਤੋਂ 23 ਅਗਸਤ ਤੱਕ ਚੱਲੇ , ਆਪਰੇਸ਼ਨ ਵਿਟਰਸ ’ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ’ਚ 528 ਸਰਚ ਵਾਰੰਟ ਜਾਰੀ ਕੀਤੇ ਗਏ ਸਨ। ਇਸ ਕਾਰਵਾਈ ਨੇ ਆਸਟ੍ਰੇਲੀਆ ’ਚ ਨਸ਼ੀਲੇ ਪਦਾਰਥਾਂ ਦੀ ਖਪਤ ਦੀ ਵੱਡੀ ਸਮੱਸਿਆ ਨੂੰ ਉਜਾਗਰ ਕੀਤਾ ਹੈ। ਮੈਥ ਅਤੇ ਭੰਗ ਸਭ ਤੋਂ ਵੱਧ ਵਰਤੇ ਜਾਂਦੇ ਗੈਰਕਾਨੂੰਨੀ ਨਸ਼ੀਲੇ ਪਦਾਰਥ ਮਿਲੇ ਹਨ।
ਜ਼ਿਕਰਯੋਗ ਹੈ ਕਿ ਐਡੀਲੇਡ ਵਿਚ ਇਕ 26 ਸਾਲ ਦੇ ਵਿਅਕਤੀ ’ਤੇ 1100 ਤੋਂ ਵੱਧ LSD ਗੋਲੀਆਂ ਰੱਖਣ ਦਾ ਦੋਸ਼ ਲਗਾਇਆ ਗਿਆ ਸੀ, ਜਦੋਂ ਕਿ ਵਿਕਟੋਰੀਆ ਵਿਚ ਇਕ ਜੋੜੇ ਨੂੰ ਛੇ ਕਿਲੋਗ੍ਰਾਮ ਸ਼ੱਕੀ MDMA ਨਾਲ ਫੜਿਆ ਗਿਆ ਸੀ। ਇਸ ਤੋਂ ਇਲਾਵਾ ਸਿਡਨੀ ਹਵਾਈ ਅੱਡੇ ’ਤੇ ਇਕ ਕੈਨੇਡੀਅਨ ਨਾਗਰਿਕ ਨੂੰ 15 ਕਿਲੋਗ੍ਰਾਮ ਮੈਥ ਇੰਪੋਰਟ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕਾਰਵਾਈ ਦੇ ਨਤੀਜੇ ਵਜੋਂ 1611 ਨਸ਼ੀਲੇ ਪਦਾਰਥਾਂ ਨਾਲ ਸਬੰਧਤ ਗ੍ਰਿਫਤਾਰੀਆਂ, 2962 ਦੋਸ਼ ਅਤੇ ਲਗਭਗ 1400 ਕਿਲੋਗ੍ਰਾਮ ਨਾਜਾਇਜ਼ ਨਸ਼ੀਲੇ ਪਦਾਰਥ, 2500 ਭੰਗ ਦੇ ਪੌਦੇ, 71 ਹਥਿਆਰ ਅਤੇ 2.2 ਮਿਲੀਅਨ ਡਾਲਰ ਤੋਂ ਵੱਧ ਨਕਦ ਜ਼ਬਤ ਕੀਤੇ ਗਏ।