ਮੈਲਬਰਨ : ਦੱਖਣੀ ਨਿਊ ਸਾਊਥ ਵੇਲਜ਼ (NSW) ’ਚ ਨੁਕਸਾਨਦਾਇਕ ਹਵਾਵਾਂ ਲਈ ਗੰਭੀਰ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਕਟੋਰੀਆ ਵਿਚ ਕੱਲ੍ਹ ਭਾਰੀ ਮੀਂਹ, ਹੜ੍ਹ, ਤੇਜ਼ ਹਵਾਵਾਂ ਅਤੇ ਭਾਰੀ ਗੜੇਮਾਰੀ ਹੋਈ ਸੀ, ਜਿਸ ਕਾਰਨ ਵਸਨੀਕਾਂ ਨੂੰ ਅੱਜ ਸਵੇਰੇ ਵੱਡੀ ਪੱਧਰ ’ਤੇ ਸਫਾਈ ਦਾ ਕੰਮ ਕਰਨਾ ਪਿਆ। ਇਹ ਸ਼ਕਤੀਸ਼ਾਲੀ ਤੂਫਾਨ ਹੁਣ NSW ਵੱਲ ਵਧ ਰਿਹਾ ਹੈ। ਦੱਖਣੀ NSW ’ਚ ਕਈ ਥਾਵਾਂ ’ਤੇ ਅੱਜ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਮੌਸਮ ਵਿਗਿਆਨ ਬਿਊਰੋ ਨੇ Illawarra, South Coast, Central Tablelands, Southern Tablelands, South West Slopes ਅਤੇ Snowy Mountains ਦੇ ਕੁਝ ਹਿੱਸਿਆਂ ਦੇ ਵਸਨੀਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅੱਜ ਸਵੇਰ ਤੋਂ ਪ੍ਰਭਾਵਿਤ ਹੋਣਗੇ। 1900 ਮੀਟਰ ਤੋਂ ਉੱਚੇ ਅਲਪਾਈਨ ਖੇਤਰਾਂ ਵਿੱਚ, 125 ਕਿਲੋਮੀਟਰ ਪ੍ਰਤੀ ਘੰਟਾ ਤਕ ਦੀਆਂ ਹਵਾਵਾਂ ਚਲ ਸਕਦੀਆਂ ਹਨ। ਦੁਪਹਿਰ ਤੱਕ ਹਾਲਾਤ ਠੀਕ ਹੋਣ ਦੀ ਉਮੀਦ ਹੈ।
ਇਸ ਦੌਰਾਨ ਵਿਕਟੋਰੀਆ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਦਰੱਖਤ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਬੈਂਡੀਗੋ ਮੌਸਮ ਦੀ ਮਾਰ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਥਾਵਾਂ ਵਿਚੋਂ ਇਕ ਸੀ, ਜਿੱਥੇ 6 ਸੈਂਟੀਮੀਟਰ ਤੱਕ ਦੀ ਗੜੇਮਾਰੀ ਦਰਜ ਕੀਤੀ ਗਈ, ਜਿੱਥੇ ਗੋਲਫ਼ ਬਾਲ ਦੇ ਆਕਾਰ ਦੇ ਗੜੇ ਡਿੱਗੇ।