ਮੈਲਬਰਨ : ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ‘ਕੇਸਰੀ’ ਤੋਂ ਬਦਲ ਕੇ ‘ਬਸੰਤੀ’ ਕਰਨ ਨਾਲ ਭਾਰਤ ਅਤੇ ਵਿਦੇਸ਼ਾਂ ਵਿਚ ਸਿੱਖ ਧਾਰਮਿਕ ਆਗੂਆਂ ਦਾ ਇਕ ਹਿੱਸਾ ਪਰੇਸ਼ਾਨ ਹੈ। ਉਨ੍ਹਾਂ ਨੇ ਤਬਦੀਲੀ ਨੂੰ ਨਾਮਨਜ਼ੂਰ ਕਰ ਦਿੱਤਾ ਹੈ ਅਤੇ ਪ੍ਰਚਲਿਤ ਰੰਗ ਦੇ ਨਾਲ ਰਹਿਣ ਦਾ ਸੱਦਾ ਦੇ ਰਹੇ ਹਨ।
ਅੰਮ੍ਰਿਤ ਸੰਚਾਰ ਜਥਾ ਯੂ.ਕੇ., ਯੂਰਪ ਦੇ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਮੂਹ ਨੇ ਹਾਲ ਹੀ ਵਿੱਚ ਮਾਨਚੈਸਟਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨਾਲ ਮੁਲਾਕਾਤ ਕੀਤੀ ਸੀ ਅਤੇ ਮੀਟਿੰਗ ਦੌਰਾਨ ਉਨ੍ਹਾਂ ਨੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਬਾਰੇ ਚੱਲ ਰਹੇ ਭੰਬਲਭੂਸੇ ਬਾਰੇ ਵਿਚਾਰ ਵਟਾਂਦਰਾ ਕੀਤਾ।
ਬਲਦੇਵ ਸਿੰਘ ਨੇ ਕਿਹਾ, ‘‘ਜਥੇਦਾਰ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੱਤੇ ਹਨ ਕਿ ਉਹ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਦੇ ਪਹਿਰਾਵੇ ਦੇ ਰੰਗ ਬਾਰੇ ਭੰਬਲਭੂਸੇ ਨੂੰ ਸਪੱਸ਼ਟ ਕਰੇ।’’
ਉਨ੍ਹਾਂ ਕਿਹਾ, ‘‘ਸ਼੍ਰੋਮਣੀ ਕਮੇਟੀ ਸਮੇਤ ਕਿਸੇ ਨੂੰ ਵੀ ਨਿਸ਼ਾਨ ਸਾਹਿਬ ਦੇ ਪਹਿਰਾਵੇ ਦਾ ਰੰਗ ਬਦਲਣ ਦਾ ਅਧਿਕਾਰ ਨਹੀਂ ਹੈ। ਬਲਦੇਵ ਸਿੰਘ ਨੇ ਕਿਹਾ ਕਿ ਬ੍ਰਿਟੇਨ ਵਿਚ 300 ਤੋਂ ਵੱਧ ਗੁਰਦੁਆਰੇ ਅਤੇ ਯੂਰਪ ਵਿਚ 1000 ਤੋਂ ਵੱਧ ਗੁਰਦੁਆਰੇ ਹਨ, ਇਸ ਮੁੱਦੇ ‘ਤੇ ਕਿਸੇ ਵੀ ਗੁਰਦੁਆਰਾ ਪ੍ਰਬੰਧਕ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ।’’
ਯੂਨਾਨ ਦੇ ਕੋਰੋਪੀ ਸਥਿਤ ਗੁਰਦੁਆਰਾ ਸਾਹਿਬ ਦੇ ਨਿਹਾਲ ਸਿੰਘ ਨੇ ਵੀ ਬਲਦੇਵ ਸਿੰਘ ਦੀਆਂ ਭਾਵਨਾਵਾਂ ਨਾਲ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ, ‘‘ਕੱਲ੍ਹ ਅਸੀਂ ਇਸ ਮੁੱਦੇ ਨੂੰ ਲੈ ਕੇ ਗੁਰਦੁਆਰੇ ਵਿਚ ਇਕ ਮੀਟਿੰਗ ਕੀਤੀ ਸੀ ਅਤੇ ਅਸੀਂ ਸਮੂਹਿਕ ਤੌਰ ‘ਤੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਵਿਚ ਕਿਸੇ ਵੀ ਤਬਦੀਲੀ ਨੂੰ ਰੱਦ ਕਰ ਦਿੱਤਾ ਸੀ।’’
ਨਿਹਾਲ ਸਿੰਘ ਨੇ ਕਿਹਾ ਕਿ ਯੂਨਾਨ ਵਿਚ 15 ਗੁਰਦੁਆਰੇ ਹਨ ਅਤੇ ਇਨ੍ਹਾਂ ਵਿਚੋਂ ਚਾਰ ਦੇ ਪ੍ਰਬੰਧਕਾਂ ਨੇ ਮੀਟਿੰਗ ਵਿਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਬਾਕੀ ਲੋਕ ਘੱਟ ਸਮੇਂ ਅਤੇ ਲੰਬੀ ਦੂਰੀ ਕਾਰਨ ਨਹੀਂ ਪਹੁੰਚ ਸਕੇ।
ਜ਼ਿਕਰਯੋਗ ਹੈ ਕਿ 9 ਅਗਸਤ ਨੂੰ ਸ਼੍ਰੋਮਣੀ ਕਮੇਟੀ ਨੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਕੇਸਰੀ ਤੋਂ ਬਦਲ ਕੇ ਬਸੰਤੀ ਕਰ ਕੇ ਦਾਅਵਾ ਕੀਤਾ ਸੀ ਕਿ ਇਸ ਨੇ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਦਲ ਦਿੱਤਾ ਹੈ। ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਦਾ ਮੁੱਦਾ ਪਹਿਲੀ ਵਾਰ 15 ਜੁਲਾਈ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੌਰਾਨ ਉਠਾਇਆ ਗਿਆ ਸੀ।