ਮੈਲਬਰਨ : 39 ਸਾਲ ਦੇ ਪੰਜਾਬੀ ਜਤਿੰਦਰ ਸਿੰਘ ਨੂੰ 6 ਮਿਲੀਅਨ ਡਾਲਰ ਚੋਰੀ ਕਰਨ ਦੇ ਦੋਸ਼ ’ਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਭਾਰਤ ਦੇ ਨਾਗਰਿਕ ਜਤਿੰਦਰ ਸਿੰਘ ਨੂੰ Crypto.com ਨੇ 100 ਡਾਲਰ ਦਾ ਰਿਫੰਡ ਜਾਰੀ ਕਰਨਾ ਸੀ, ਪਰ ਇੱਕ ਅਕਾਊਂਟੈਂਟ ਦੀ ਗਲਤੀ ਕਾਰਨ ਉਸ ਨੂੰ 10 ਮਿਲੀਅਨ ਡਾਲਰ ਤੋਂ ਵੱਧ ਟ੍ਰਾਂਸਫਰ ਕਰ ਦਿੱਤੇ ਗਏ ਸਨ ਜਿਸ ’ਚੋਂ ਜਤਿੰਦਰ ਸਿੰਘ ਨੇ ਲਗਭਗ 6 ਮਿਲੀਅਨ ਡਾਲਰ ਖ਼ਰਚ ਕਰ ਲਿਆ ਸੀ ਜੋ ਉਸ ਲਈ ਵੱਡੀ ਗ਼ਲਤੀ ਸਾਬਤ ਹੋਈ।
ਜਤਿੰਦਰ ਸਿੰਘ ਅਤੇ ਉਸ ਦੀ ਸਾਥੀ Thevamangari Manivel ਨੇ 10 ਮਹੀਨਿਆਂ ਦੌਰਾਨ ਇਸ ਪੈਸੇ ਨਾਲ 160 ਲੈਣ-ਦੇਣ ਕੀਤੇ ਜਿਸ ਵਿੱਚ ਜਾਇਦਾਦ ਖਰੀਦਣਾ ਅਤੇ ਇੱਕ ਦੋਸਤ ਨੂੰ 1 ਮਿਲੀਅਨ ਡਾਲਰ ਦਾ ਤੋਹਫ਼ਾ ਦੇਣਾ ਵੀ ਸ਼ਾਮਲ ਹੈ। ਜਦੋਂ ਕੰਪਨੀ ਨੂੰ ਆਪਣੀ ਗਲਤੀ ਦਾ ਪਤਾ ਲੱਗਿਆ, ਤਾਂ ਜੋੜੇ ਨੇ ਪੈਸੇ ਵਾਪਸ ਕਰਨ ਦੀਆਂ ਕੋਸ਼ਿਸ਼ਾਂ ਨੂੰ ਇਹ ਮੰਨ ਕੇ ਨਜ਼ਰਅੰਦਾਜ਼ ਕਰ ਦਿੱਤਾ ਕਿ ਉਨ੍ਹਾਂ ਨਾਲ ਸਕੈਮ ਕੀਤਾ ਜਾ ਰਿਹਾ ਸੀ।
ਜਤਿੰਦਰ ਸਿੰਘ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਦਾ ਮੁਵੱਕਿਲ ਘੱਟ IQ ਵਾਲਾ ਹੈ ਜਿਸ ਕਾਰਨ ਉਹ ਪੈਸੇ ਖ਼ਰਚ ਕਰਨ ਦੇ ਜੋਖਮ ਨੂੰ ਭਾਂਪ ਨਹੀਂ ਸਕਿਆ। ਜੱਜ ਨੇ ਸਜ਼ਾ ਨਿਰਧਾਰਤ ਕਰਦੇ ਸਮੇਂ ਜਤਿੰਦਰ ਸਿੰਘ ਦੇ ਮੁੜ ਵਸੇਬੇ ਦੀਆਂ ਚੰਗੀਆਂ ਸੰਭਾਵਨਾਵਾਂ ਨੂੰ ਵੀ ਧਿਆਨ ਵਿੱਚ ਰੱਖਿਆ। ਜਤਿੰਦਰ ਸਿੰਘ ਦੀ ਸਾਬਕਾ ਸਾਥੀ Thevamangari Manivel ਨੂੰ ਪਹਿਲਾਂ ਹੀ ਚੋਰੀ ਵਿਚ ਭੂਮਿਕਾ ਲਈ 209 ਦਿਨਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।