ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ’ਚ ਵੀ Student Visa ਫ਼ੀਸ ’ਚ ਵੱਡਾ ਵਾਧਾ

ਮੈਲਬਰਨ : ਆਸਟ੍ਰੇਲੀਆ ਵੱਲੋਂ Student Visa ਫੀਸ ਦੁੱਗਣੀ ਕਰਨ ਤੋਂ ਬਾਅਦ ਨਿਊਜ਼ੀਲੈਂਡ ਸਰਕਾਰ ਨੇ ਵੀ 9 ਅਗਸਤ ਨੂੰ ਲਗਭਗ ਸਾਰੀਆਂ ਵੀਜ਼ਾ ਸ਼੍ਰੇਣੀਆਂ ਵਿੱਚ ਵੀਜ਼ਾ ਫੀਸ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਗੈਰ-ਪ੍ਰਸ਼ਾਂਤ ਦੇਸ਼ਾਂ ਤੋਂ ਆਉਣ ਵਾਲਿਆਂ ਲਈ ਸਟੂਡੈਂਟ ਵੀਜ਼ਾ ਫੀਸ 1 ਅਕਤੂਬਰ ਤੋਂ ਵਧ ਕੇ 750 ਨਿਊਜ਼ੀਲੈਂਡ ਡਾਲਰ ਹੋ ਜਾਵੇਗੀ, ਜਦੋਂ ਕਿ ਸਟੱਡੀ ਤੋਂ ਬਾਅਦ ਵਰਕ ਵੀਜ਼ਾ ਫੀਸ 700 ਨਿਊਜ਼ੀਲੈਂਡ ਡਾਲਰ ਤੋਂ ਵਧ ਕੇ 1,670 ਨਿਊਜ਼ੀਲੈਂਡ ਡਾਲਰ ਹੋ ਜਾਵੇਗੀ। ਵੀਜ਼ਾ ਫ਼ੀਸ ’ਚ ਇਸ ਵਾਧੇ ਨਾਲ ਅਗਲੇ ਚਾਰ ਸਾਲਾਂ ਵਿੱਚ ਨਿਊਜ਼ੀਲੈਂਡ ਸਰਕਾਰ ਨੂੰ 563 ਮਿਲੀਅਨ ਨਿਊਜ਼ੀਲੈਂਡ ਡਾਲਰ ਤੋਂ ਵੱਧ ਦੀ ਰਕਮ ਮਿਲੇਗੀ।

ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫੋਰਡ ਨੇ ਇਕ ਬਿਆਨ ਵਿਚ ਕਿਹਾ, ‘‘ਹੁਣ ਤੱਕ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਭਾਰੀ ਸਬਸਿਡੀ ਦਿੱਤੀ ਜਾਂਦੀ ਰਹੀ ਹੈ। ਅਸੀਂ ਜੋ ਬਦਲਾਅ ਕਰ ਰਹੇ ਹਾਂ, ਉਹ ਲਾਗਤ ਨੂੰ ਉਨ੍ਹਾਂ ਲੋਕਾਂ ’ਤੇ ਪਾ ਰਹੇ ਹਨ ਜਿਨ੍ਹਾਂ ਨੂੰ ਸਿਸਟਮ ਤੋਂ ਲਾਭ ਹੋ ਰਿਹਾ ਹੈ।’’

ਉਨ੍ਹਾਂ ਕਿਹਾ ਕਿ ਨਵੇਂ ਚਾਰਜ ਵੀਜ਼ਾ ਪ੍ਰੋਸੈਸਿੰਗ, ਵਧੇਰੇ ਉੱਚ ਜੋਖਮ ਵਾਲੀਆਂ ਅਰਜ਼ੀਆਂ ਦਾ ਮੁਲਾਂਕਣ ਅਤੇ ਪ੍ਰਬੰਧਨ ਅਤੇ ਕਾਂਨੂੰਨ ਪਾਲਣਾ ਲਾਗਤਾਂ ਵਿੱਚ ਵਾਧੇ ਨਾਲ ਜੁੜੇ ਖਰਚਿਆਂ ਕਾਰਨ ਕੀਤੇ ਗਏ ਹਨ। ਸਟੈਨਫੋਰਡ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਗੁਆਂਢੀ ਪ੍ਰਸ਼ਾਂਤ ਦੇਸ਼ਾਂ ਦੇ ਵੀਜ਼ਾ ਬਿਨੈਕਾਰਾਂ ਲਈ ਸਬਸਿਡੀ ਵਾਲੀ ਫੀਸ ਜਾਰੀ ਰਹੇਗੀ।