Perth ਦੇ ਮਾਲਿਸ਼ ਬਿਜ਼ਨਸ ’ਤੇ ਮਨੁੱਖੀ ਤਸਕਰੀ ਦਾ ਦੋਸ਼, ਕਈ ਵਿਦੇਸ਼ ਵਰਕਰਾਂ ਨੂੰ ਕਰਜ਼ ਦੇ ਜਾਲ ’ਚ ਫਸਾ ਕੇ ਕਰਦੇ ਸਨ ਸੋਸ਼ਣ

ਮੈਲਬਰਨ : ਆਸਟ੍ਰੇਲੀਆ ਵਿੱਚ ਵਿਦੇਸ਼ੀ ਕਾਮਿਆਂ ਦੇ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਦੇ ਨਵੇਂ ਮਾਮਲੇ ਦਾ ਪ੍ਰਗਟਾਵਾ ਹੋਇਆ ਹੈ। ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ Perth ਦੀ ਇਕ ਅਦਾਲਤ ਨੇ ਇਕ 32 ਸਾਲ ਦੇ ਮਰਦ ਅਤੇ 38 ਸਾਲ ਦੀ ਇਕ ਔਰਤ ’ਤੇ ਮਨੁੱਖੀ ਤਸਕਰੀ ਦੇ ਕਈ ਦੋਸ਼ ਲਗਾਏ ਹਨ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਮਸਾਜ ਕਾਰੋਬਾਰ ’ਚ ਕੰਮ ਕਰਨ ਵਾਲੀ 41 ਸਾਲ ਦੀ ਵਿਦੇਸ਼ੀ ਨਾਗਰਿਕ ਵਰਕਰ ਦਾ ਪਾਸਪੋਰਟ ਲੈ ਲਿਆ ਅਤੇ ਉਸ ’ਤੇ ਅਣਉਚਿਤ ਖਰਚੇ ਧੋਪ ਕੇ ਉਸ ਨੂੰ ਕਰਜ਼ੇ ਦੇ ਜਾਲ ’ਚ ਫਸਾ ਲਿਆ। ਅਜੇ ਤਕ ਇਨ੍ਹਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ, ਉਨ੍ਹਾਂ ’ਤੇ ਉਸ ਦੀ ਵੀਜ਼ਾ ਅਰਜ਼ੀ ’ਤੇ ਵੇਰਵਿਆਂ ਨੂੰ ਗਲਤ ਬਣਾਉਣ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨਾਲ ਸਬੰਧਤ ਕਈ ਵੀਜ਼ਾ ਦਸਤਾਵੇਜ਼ਾਂ ’ਤੇ ਗਲਤ ਜਾਣਕਾਰੀ ਜਮ੍ਹਾਂ ਕਰਨ ਦਾ ਵੀ ਦੋਸ਼ ਹੈ।

ਇਸ ਜੋੜੇ ’ਤੇ ਪਹਿਲੀ ਵਾਰ ਮਈ 2024 ’ਚ 36 ਸਾਲ ਦੀ ਵਿਦੇਸ਼ੀ ਵਰਕਰ ਨੂੰ ਕਰਜ਼ੇ ਦੀ ਗੁਲਾਮੀ ’ਚ ਰੱਖਣ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਸਤੰਬਰ 2023 ’ਚ ਉਸ ਦਾ ਪਾਸਪੋਰਟ ਲੈਣ ਦਾ ਦੋਸ਼ ਲਗਾਇਆ ਗਿਆ ਸੀ। ਜੁਲਾਈ ਵਿੱਚ ਕਥਿਤ ਤੌਰ ’ਤੇ ਜਾਅਲੀ ਵੀਜ਼ਾ ਦਸਤਾਵੇਜ਼ਾਂ ਨਾਲ ਸਬੰਧਤ ਹੋਰ ਦੋਸ਼ ਲਗਾਏ ਗਏ ਸਨ।

AFP ਦੇ ਡਿਟੈਕਟਿਵ ਸੂਪਰਡੈਂਟ Peter Chwal ਨੇ ਕਿਹਾ ਕਿ ਪੁਲਿਸ ਇਹ ਦੋਸ਼ ਲਗਾਏਗੀ ਕਿ ਜੋੜੇ ਨੇ ਕਮਜ਼ੋਰ ਵਿਦੇਸ਼ੀ ਵਰਕਰਾਂ ਦਾ ਸ਼ੋਸ਼ਣ ਕਰਨ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਧੋਖਾ ਦੇ ਕੇ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ’ਤੇ ਕਰਜ਼ੇ ਹੇਠ ਦਬਾ ਕੇ ਗੁਲਾਮੀ ਕਰਵਾਉਣ, ਵਿਦੇਸ਼ ਯਾਤਰਾ ਦਸਤਾਵੇਜ਼ਾਂ ਨੂੰ ਕੰਟਰੋਲ ਕਰਨ ਅਤੇ ਝੂਠੇ ਦਸਤਾਵੇਜ਼ ਦੇਣ ਸਮੇਤ ਕਈ ਅਪਰਾਧਾਂ ਦਾ ਸਾਹਮਣਾ ਕਰਨਾ ਪਵੇਗਾ।