ਮੈਲਬਰਨ : ਨਵੰਬਰ ’ਚ ਸ਼ੁਰੂ ਹੋਣ ਵਾਲੀ ਭਾਰਤ-ਆਸਟ੍ਰੇਲੀਆ ਕ੍ਰਿਕੇਟ ਟੈਸਟ ਮੈਚ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਭਾਰਤ ਦੇ ਖਿਡਾਰੀਆਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਪਿਛਲੇ ਦਿਨੀਂ ਆਸਟ੍ਰੇਲੀਆ ਦੇ ਸਾਬਕਾ ਕਪਤਾਨ Tim Paine ਵੱਲੋਂ ਦਿੱਤੀ ਇੱਕ ਇੰਟਰਵਿਊ ’ਚ ਉਨ੍ਹਾਂ ਨੇ 2020-21 ’ਚ ਆਪਣੀ ਟੀਮ ਦੀ ਹਾਰ ਦਾ ਕਾਰਨ ਭਾਰਤੀ ਗੇਂਦਬਾਜ਼ਾਂ ਵੱਲੋਂ ਧਿਆਨ ਭਟਕਾਉਣ ’ਚ ਮਾਹਰ ਹੋਣਾ ਦੱਸਿਆ ਸੀ। ਜਿਸ ’ਤੇ ਭਾਰਤੀ ਤੇਜ਼ ਗੇਂਦਬਾਜ਼ ਸ਼ਰਦੁਲ ਠਾਕੁਰ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਅਸਲ ’ਚ ਇਹ ਭਾਰਤੀ ਟੀਮ ਸੀ ਜਿਸ ਨੂੰ ਆਸਟ੍ਰੇਲੀਆ ’ਚ ਬੁਰੇ ਸਲੂਕ ਦਾ ਸਾਹਮਣਾ ਕਰਨਾ ਪਿਆ ਅਤੇ Tim ਸਰਾਸਰ ਝੂਠ ਬੋਲ ਰਹੇ ਹਨ।
ਜ਼ਿਕਰਯੋਗ ਹੈ ਕਿ 2020-21 ’ਚ ਆਸਟ੍ਰੇਲੀਆ ਦੇ ਦੌਰੇ ’ਤੇ ਆਈ ਭਾਰਤੀ ਟੀਮ ਨੇ ਪਹਿਲਾ ਮੈਚ ਹਾਰਨ ਤੋਂ ਬਾਅਦ ਸੀਰੀਜ਼ ’ਚ 2-1 ਨਾਲ ਇਤਿਹਾਸਕ ਜਿੱਤ ਹਾਸਲ ਕੀਤੀ ਸੀ। ਇੱਕ ਇੰਟਰਵਿਊ ’ਚ ਉਸ ਟੀਮ ਦੇ ਪ੍ਰਮੁੱਖ ਖਿਡਾਰੀ ਰਹੇ ਠਾਕੁਰ ਨੇ ਕਿਹਾ, ‘‘ਉਨ੍ਹਾਂ ਦਾ ਸਲੂਕ ਬਹੁਤ ਭੈੜਾ ਸੀ। ਚਾਰ-ਪੰਜ ਦਿਨਾਂ ਤਕ ਤਾਂ ਹੋਟਲ ’ਚ ਸਾਨੂੰ ਹਾਊਸਕੀਪਿੰਗ ਸੇਵਾਵਾਂ ਵੀ ਨਾ ਮਿਲੀਆਂ। ਬੈੱਡਸ਼ੀਟ ਬਦਲਣ ਲਈ ਵੀ ਸਾਨੂੰ ਚਾਰ-ਪੰਜ ਮੰਜ਼ਿਲਾਂ ਪੌੜੀਆਂ ਚੜ੍ਹ ਕੇ ਜਾਣਾ ਹੁੰਦਾ, ਨਵੇਂ ਬੈੱਡਸ਼ੀਟ ਲਿਆਉਣੇ ਪੈਂਦੇ ਅਤੇ ਫਿਰ ਅਸੀਂ ਖ਼ੁਦ ਇਨ੍ਹਾਂ ਨੂੰ ਬਦਲਦੇ ਸੀ।’’
ਉਨ੍ਹਾਂ ਕਿਹਾ ਕਿ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਅਤੇ ਕਪਤਾਨ ਅਜਿੰਕਾ ਰਹਾਣੇ ਨੂੰ ਟੀਮ ਲਈ ਜ਼ਰੂਰੀ ਸਰੋਤ ਅਤੇ ਮਦਦ ਪ੍ਰਾਪਤ ਕਰਨ ਲਈ ਆਸਟ੍ਰੇਲੀਆ ਕ੍ਰਿਕੇਟ ਬੋਰਡ ਨਾਲ ਲੜਨਾ ਪੈ ਰਿਹਾ ਸੀ। ਇਹੀ ਨਹੀਂ ਠਾਕੁਰ ਅਨੁਸਾਰ ਟੀਮ ਨੂੰ ਸਿਡਨੀ ਅਤੇ ਬ੍ਰਿਸਬੇਨ ਦੇ ਮੈਦਾਨ ’ਚ ਵੀ ਦਰਸ਼ਕਾਂ ਦੀਆਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ।
ਵਿਵਾਦ ਉਦੋਂ ਹੋਰ ਡੂੰਘਾ ਹੋ ਗਿਆ ਜਦੋਂ ਕੁਈਨਜ਼ਲੈਂਡ ਸਰਕਾਰ ਨੇ ਭਾਰਤੀ ਟੀਮ ’ਤੇ 14 ਦਿਨਾਂ ਦਾ ਏਕਾਂਤਵਾਸ ਥੋਪਣ ਦਾ ਡਰਾਵਾ ਦਿੱਤਾ ਸੀ। ਕੁਈਨਜ਼ਲੈਂਡ ਦੀ ਸ਼ੈਡੋ ਮੰਤਰੀ Ros Bates ਨੇ ਤਾਂ ਇੱਥੋਂ ਤਕ ਕਹਿ ਦਿੱਤਾ ਸੀ ਕਿ ‘ਜੇਕਰ ਇੰਡੀਅਨ ਨਿਯਮਾਂ ਅਨੁਸਾਰ ਨਹੀਂ ਖੇਡਣਾ ਚਾਹੁੰਦੇ ਤਾਂ ਨਾ ਆਇਆ ਕਰਨ।’ ਉਨ੍ਹਾਂ ਇਹ ਵੀ ਕਿਹਾ ਕਿ ਟੀਮ ਨੂੰ ਦਬਾਅ ਹੇਠ ਪਾਉਣ ਲਈ ਉਨ੍ਹਾਂ ਖ਼ਿਲਾਫ਼ ਕਈ ਗੱਲਾਂ ਕਹੀਆਂ ਗਈਆਂ ਸਨ। ਠਾਕੁਰ ਅਨੁਸਾਰ, ‘‘ਕੁਈਨਜ਼ਲੈਂਡ ਦੀ ਲੇਡੀ ਗਵਰਨਰ ਨੇ ਕਿਹਾ ਸੀ ਕਿ ਜੇਕਰ ਇੰਡੀਅਨ ਇੱਥੇ ਨਹੀਂ ਆਉਣਾ ਚਾਹੁੰਦੇ ਤਾਂ ਨਾ ਆਇਆ ਕਰਨ। ਅਸੀਂ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਨਹੀਂ ਕਰਨਾ ਚਾਹੁੰਦੇ।’’
ਠਾਕੁਰ ਨੇ ਕਿਹਾ, ‘‘ਨਤੀਜੇ ਵਜੋਂ ਜਦੋਂ ਟੀਮ ਨੇ ਸੀਰੀਜ਼ ਜਿੱਤ ਲਈ ਤਾਂ ਅਸੀਂ ਪਹਿਲੀ ਵਾਰੀ ਆਸਟ੍ਰੇਲੀਆਈ ਖਿਡਾਰੀਆਂ ਵੱਲ ਵੇਖਿਆ ਤਕ ਨਹੀਂ। ਅਸੀਂ ਕਿਹਾ ਆਰਾਮ ਨਾਲ ਜਾ ਕੇ ਆਪਣੇ ਡਰੈਸਿੰਗ ਰੂਮ ’ਚ ਬੈਠੋ।’’
ਜ਼ਿਕਰਯੋਗ ਹੈ ਕਿ ਠਾਕੁਰ ਉਸ ਸਮੇਂ ਭਾਰਤੀ ਟੀਮ ਦੀ ਜਿੱਤ ’ਚ ਵੱਡਾ ਰੋਲ ਅਦਾ ਕੀਤਾ ਸੀ ਅਤੇ ਆਖ਼ਰੀ ਗਾਬਾ ਟੈਸਟ ਮੈਚ ’ਚ ਮਹੱਤਵਪੂਰਨ 67 ਦੌੜਾਂ ਬਣਾਈਆਂ ਸਨ ਤੇ 7 ਵਿਕਟਾਂ ਵੀ ਲਈਆਂ ਸਨ। 336 ਦੌੜਾਂ ਦਾ ਪਿੱਛਾ ਕਰਦਿਆਂ ਜਦੋਂ ਭਾਰਤੀ ਟੀਮ ਦਾ ਸਕੋਰ 6 ਵਿਕਟਾਂ ’ਤੇ 186 ਦੌੜਾਂ ਸੀ ਤਾਂ ਠਾਕੁਰ ਨੇ ਵਾਸ਼ਿੰਗਟਨ ਸੁੰਦਰ ਨਾਲ ਭਾਈਵਾਲੀ ’ਚ 123 ਦੌੜਾਂ ਬਣਾਈਆਂ ਜਿਨ੍ਹਾਂ ਬਦੌਲਤ ਭਾਰਤ ਮੈਚ ਜਿੱਤਣ ਦੀ ਸਥਿਤੀ ’ਚ ਆਇਆ।