ਮੈਲਬਰਨ : ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਇੱਕ ਵਾਰੀ ਫਿਰ ਵਿਆਜ ਰੇਟ ਨੂੰ 4.35 ਫੀਸਦੀ ’ਤੇ ਬਰਕਰਾਰ ਰੱਖਿਆ ਹੈ। RBA ਬੋਰਡ ਨੇ ਅੱਜ ਆਪਣੀ ਦੋ ਰੋਜ਼ਾ ਬੈਠਕ ਪੂਰੀ ਕਰਦਿਆਂ ਇਸ ਫ਼ੈਸਲੇ ਦਾ ਐਲਾਨ ਕੀਤਾ। ਕੇਂਦਰੀ ਬੈਂਕ ਨੇ ਮਹਿੰਗਾਈ ਦੇ ਵਧਣ ਦੀ ਸੰਭਾਵਨਾ ਦੇ ਬਾਵਜੂਦ ਕੈਸ਼ ਰੇਟ ਦੇ ਅਧਿਕਾਰਤ ਟੀਚੇ ਨੂੰ ਨਾ ਛੇੜਨ ਦਾ ਫੈਸਲਾ ਕੀਤਾ ਹੈ। ਅੱਜ ਦਾ ਫੈਸਲਾ ਲਗਾਤਾਰ ਛੇਵੀਂ ਵਾਰ ਹੈ ਜਦੋਂ ਕੇਂਦਰੀ ਬੈਂਕ ਨੇ ਨਵੰਬਰ 2023 ਤੋਂ ਬਾਅਦ ਰੇਟ ਨੂੰ ਵਧਣ ਜਾਂ ਘਟਣ ਤੋਂ ਰੋਕਿਆ ਹੈ। RBA ਬੋਰਡ ਨੇ ਆਪਣੇ ਮੁਦਰਾ ਨੀਤੀ ਫੈਸਲੇ ਬਿਆਨ ਵਿਚ ਕਿਹਾ ਕਿ ਉਹ ਅਮਰੀਕਾ ਵਰਗੀਆਂ ਗਲੋਬਲ ਅਰਥਵਿਵਸਥਾਵਾਂ ਦੇ ਵਿਕਾਸ ’ਤੇ ਨੇੜਿਉਂ ਨਜ਼ਰ ਰੱਖ ਰਿਹਾ ਹੈ, ਜਿੱਥੇ ਮੰਦੀ ਦੇ ਡਰ ਨਾਲ ਸਥਾਨਕ ASX ਨੂੰ 200 ਤੋਂ 100 ਅਰਬ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ।