ਮੈਲਬਰਨ : ਮੈਲਬਰਨ ਦੇ ਉੱਤਰ ਅਤੇ ਪੱਛਮ ’ਚ ਫੈਲ ਰਹੀ ਬੀਮਾਰੀ Legionnaires’ disease ਨਾਲ 90 ਸਾਲ ਦੀ ਇਕ ਔਰਤ ਦੀ ਮੌਤ ਹੋ ਗਈ ਹੈ। ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ Clare Looker ਨੇ ਸ਼ੁੱਕਰਵਾਰ ਨੂੰ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੰਗਲਵਾਰ ਨੂੰ ਬਿਮਾਰ ਹੋਣ ਤੋਂ ਬਾਅਦ ਔਰਤ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਹੁਣ ਤੱਕ ਸਟੇਟ ਵਿੱਚ Legionnaires’ disease ਦੇ 60 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ, ਅਤੇ ਲੁਕਰ ਨੇ ਪੁਸ਼ਟੀ ਕੀਤੀ ਕਿ 59 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ Legionnaires’ disease ਦੇ ਫੈਲਣ ਦਾ ਸਰੋਤ ਮੈਲਬਰਨ ਦੇ ਲਾਵਰਟਨ ਨਾਰਥ ਅਤੇ ਡੇਰੀਮੂਟ ਇਲਾਕੇ ‘ਚ ਇਕ ਕੂਲਿੰਗ ਟਾਵਰ ਨਾਲ ਜੁੜਿਆ ਹੋਇਆ ਹੈ। ਸਿਹਤ ਅਧਿਕਾਰੀ ਖੇਤਰ ਦੇ ਟਾਵਰਾਂ ਦੀ ਜਾਂਚ ਅਤੇ ਰੋਗਾਣੂ-ਮੁਕਤ ਕਰ ਰਹੇ ਹਨ।
Legionnaires’ disease ਬਿਮਾਰੀ ਲੀਜੀਓਨੇਲਾ ਬੈਕਟੀਰੀਆ ਦੇ ਕਾਰਨ ਹੁੰਦੀ ਹੈ, ਜੋ ਪਾਣੀ ਦੇ ਕੁਦਰਤੀ ਸਰੋਤਾਂ ਦੇ ਨਾਲ-ਨਾਲ ਸਪਾ, ਗਰਮ ਪਾਣੀ ਸਿਸਟਮ, ਪੋਟਿੰਗ ਮਿਕਸ ਅਤੇ ਪਾਣੀ ਠੰਡਾ ਕਰਨ ਲਈ ਵਰਤੇ ਜਾਂਦੇ ਆਰਟੀਫ਼ੀਸ਼ੀਅਲ ਸਿਸਟਮ ਵਿੱਚ ਪਾਏ ਜਾਂਦੇ ਹਨ। ਲੱਛਣਾਂ ਵਿੱਚ ਆਮ ਤੌਰ ‘ਤੇ ਛਾਤੀ ਦੀ ਲਾਗ, ਦਰਦ, ਸਿਰ ਦਰਦ, ਬੁਖਾਰ, ਖੰਘ ਅਤੇ ਠੰਡ ਲੱਗਣਾ ਸ਼ਾਮਲ ਹੁੰਦੇ ਹਨ।