ਮੈਲਬਰਨ : ਸਿਡਨੀ ਦੇ ਇਕ ਰੇਲਵੇ ਸਟੇਸ਼ਨ ‘ਤੇ ਆਪਣੇ ਪਤੀ ਅਤੇ ਧੀ ਨੂੰ ਹਾਦਸੇ ’ਚ ਗੁਆ ਚੁੱਕੀ ਭਾਰਤੀ ਮੂਲ ਦੀ ਪੂਨਮ ਰਨਵਾਲ ਨੇ ਭਾਰਤ ਵਾਪਸ ਜਾਣ ਦਾ ਸਖਤ ਫੈਸਲਾ ਕੀਤਾ ਹੈ। ਆਨੰਦ ਰਨਵਾਲ (40) ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਆਪਣੀਆਂ ਕੁੜੀਆਂ ਨੂੰ ਬਚਾਉਣ ਲਈ ਪਟੜੀਆਂ ‘ਤੇ ਛਾਲ ਮਾਰ ਗਿਆ। ਇਸ ਦੁਖਾਂਤ ਵਿਚ ਛੋਟੀ ਹਿਨਲ ਦੀ ਵੀ ਮੌਤ ਹੋ ਗਈ, ਜਦੋਂ ਕਿ ਉਸ ਦੀ ਭੈਣ ਹੀਆ ਚਮਤਕਾਰੀ ਢੰਗ ਨਾਲ ਗੰਭੀਰ ਜ਼ਖਮੀ ਹੋਣ ਤੋਂ ਬਚ ਗਈ ਅਤੇ ਕੁਝ ਸਮੇਂ ਬਾਅਦ ਬਚਾਅ ਕਰਮਚਾਰੀਆਂ ਨੇ ਉਸ ਨੂੰ ਬਾਹਰ ਕੱਢਿਆ।
ਇਹ ਸਾਰੀ ਘਟਨਾ ਪੂਨਮ ਰਨਵਾਲ (39) ਦੇ ਸਾਹਮਣੇ ਵਾਪਰੀ। ਵੀਰਵਾਰ ਨੂੰ ਇਹ ਖੁਲਾਸਾ ਹੋਇਆ ਰਨਵਾਲ ਅਤੇ ਉਸ ਦੀ ਦੋ ਸਾਲ ਦੀ ਧੀ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਕਿਉਂਕਿ ਉਸ ਦੇ ਪਤੀ ਦਾ ਆਸਟ੍ਰੇਲੀਆ ਵਿਚ ਵਰਕਿੰਗ ਵੀਜ਼ਾ ਅਗਸਤ ਵਿਚ ਖਤਮ ਹੋ ਗਿਆ ਸੀ।
ਹਾਲਾਂਕਿ ਦੇਸ਼ ‘ਚ ਰਹਿਣ ਦੀ ਉਨ੍ਹਾਂ ਦੀ ਯੋਗਤਾ ਬਾਰੇ ਹੋਰ ਜਾਣਕਾਰੀ ਦੀ ਉਡੀਕ ਕਰਨ ਦੀ ਬਜਾਏ ਰਨਵਾਲ ਨੇ ਭਾਰਤ ਵਾਪਸ ਜਾਣ ਦਾ ਫੈਸਲਾ ਕੀਤਾ ਹੈ। ਇਕ ਦੋਸਤ ਨੇ ਕਿਹਾ ਕਿ ਪਰਿਵਾਰ ਆਨੰਦ ਅਤੇ ਹਿਨਲ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਭਾਰਤ ’ਚ ਉਨ੍ਹਾਂ ਦੇ ਘਰ ਲਿਜਾਣਾ ਚਾਹੁੰਦਾ ਹੈ ਅਤੇ ਦੋਹਾਂ ਦਾ ਸਸਕਾਰ ਭਾਰਤ ਵਿੱਚ ਹੋਵੇਗਾ।