ਮੈਲਬਰਨ : ਭਾਰਤੀ ਮੂਲ ਦੇ ਭਰਤ ਪਟੇਲ ਅਤੇ ਉਨ੍ਹਾਂ ਦੀ ਪਤਨੀ ਵੈਸ਼ਾਲੀ ਆਸਟ੍ਰੇਲੀਆ ’ਚ ਰਣਨੀਤਕ ਨਿਵੇਸ਼, ਟੈਕਸ ਬਚਤ ਅਤੇ ਵਧਦੇ ਕਿਰਾਏ ਜ਼ਰੀਏ 11 ਮਿਲੀਅਨ ਡਾਲਰ ਦਾ Property ਸਾਮਰਾਜ ਬਣਾਉਣ ’ਚ ਕਾਮਯਾਬ ਹੋਏ ਹਨ। ਇਸ ਵੇਲੇ ਉਨ੍ਹਾਂ ਕੋਲ ਪੰਜ ਸਟੇਟਾਂ ਵਿੱਚ 30 ਪ੍ਰਾਪਰਟੀਆਂ ਸ਼ਾਮਲ ਹਨ, ਜਿਸ ਤੋਂ ਉਨ੍ਹਾਂ ਨੂੰ ਕਿਰਾਏ ਦੇ ਰੂਪ ’ਚ ਸਾਲਾਨਾ 390,000 ਡਾਲਰ ਦੀ ਆਮਦਨ ਹੁੰਦੀ ਹੈ। ਇਸ ਜਾਇਦਾਦ ਦਾ 7.3 ਮਿਲੀਅਨ ਡਾਲਰ ਸਿਰਫ਼ ਇਕੁਇਟੀ (ਯਾਨੀਕਿ ਪ੍ਰਾਪਰਟੀ ਦੀ ਕੀਮਤ ਅਤੇ ਮੋਰਗੇਜ ਦਾ ਫ਼ਰਕ) ’ਚ ਹੈ।
ਪਟੇਲ ਜੋੜੇ ਵੱਲੋਂ ਇਸ ਨਿਵੇਸ਼ ਦੀ ਸ਼ੁਰੂਆਤ 2009 ਵਿੱਚ ਉਨ੍ਹਾਂ ਦੀ ਪਹਿਲੀ ਜਾਇਦਾਦ ਖਰੀਦਣ ਨਾਲ ਹੋਈ ਸੀ। ਉਨ੍ਹਾਂ ਨੇ ਅੱਗੇ ਦੇ ਨਿਵੇਸ਼ਾਂ ਲਈ ਆਪਣੀ ਜਾਇਦਾਦ ਇਕੁਇਟੀ ਦਾ ਲਾਭ ਉਠਾਉਣ ਲਈ ਨੈਗੇਟਿਵ ਗਿਅਰਿੰਗ ਦਾ ਪ੍ਰਯੋਗ ਕੀਤਾ ਜੋ ਕਿ ਇੱਕ ਕਿਸਮ ਦੀ ਟੈਕਸ ਰਿਆਇਤ ਹੁੰਦੀ ਹੈ। ਇਸ ਪਹੁੰਚ ਨਾਲ ਉਨ੍ਹਾਂ ਨੂੰ ਕਾਫ਼ੀ ਟੈਕਸ ਬਚਤ ਹੋਈ, ਜਿਸ ਨਾਲ ਉਨ੍ਹਾਂ ਲਈ ਪ੍ਰਾਰਪਰਟੀਜ਼ ਦਾ ਮੋਰਗੇਜ ਭਰਨਾ ਅਤੇ ਅੱਗੇ ਤੋਂ ਅੱਗੇ ਹੋਰ ਪ੍ਰਾਪਰਟੀਜ਼ ਖ਼ਰੀਦਣ ਲਈ ਇਕੁਇਟੀ ਦੀ ਵਰਤੋਂ ਕਰਨਾ ਸੰਭਵ ਹੋਇਆ।
ਜੋੜੇ ਦੀ ਸਫਲਤਾ ਦਾ ਸਿਹਰਾ ਉਨ੍ਹਾਂ ਦੀ ਨਿਵੇਸ਼ ’ਚ ਛੇਤੀ ਸ਼ੁਰੂਆਤ, ਰਣਨੀਤਕ ਪ੍ਰਾਪਰਟੀ ਦੀ ਚੋਣ ਅਤੇ ਮਾਨਸਿਕਤਾ ਨੂੰ ਦਿੱਤਾ ਜਾ ਸਕਦਾ ਹੈ। ਭਰਤ ਪਟੇਲ ਸੰਭਾਵਿਤ ਨਿਵੇਸ਼ਕਾਂ ਨੂੰ ਜਲਦੀ ਸ਼ੁਰੂਆਤ ਕਰਨ ਅਤੇ ਇਸੇ ਤਰ੍ਹਾਂ ਦੀ ਮਾਨਸਿਕਤਾ ਅਪਣਾਉਣ ਦੀ ਸਲਾਹ ਦਿੰਦੇ ਹਨ। ਪਟੇਲਾਂ ਦੀ ਯਾਤਰਾ ਇਸ ਗੱਲ ਦੀ ਇੱਕ ਸ਼ਾਨਦਾਰ ਉਦਾਹਰਣ ਹੈ ਕਿ ਕਿਵੇਂ ਪ੍ਰਵਾਸੀ ਸਮਾਰਟ ਨਿਵੇਸ਼ਾਂ ਅਤੇ ਸਖਤ ਮਿਹਨਤ ਰਾਹੀਂ ਆਸਟ੍ਰੇਲੀਆ ਵਿੱਚ ਵਿੱਤੀ ਸਫਲਤਾ ਪ੍ਰਾਪਤ ਕਰ ਸਕਦੇ ਹਨ।