ਮੈਲਬਰਨ : ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਜਿਸ ਔਰਤ ਦੇ ਪਤੀ ਅਤੇ ਬੱਚੇ ਦੀ ਭਿਆਨਕ ਰੇਲ ਹਾਦਸੇ ਵਿੱਚ ਮੌਤ ਹੋ ਗਈ ਸੀ, ਉਸ ਨੂੰ ਆਸਟ੍ਰੇਲੀਆ ਵਿੱਚ ਰਹਿਣ ਲਈ ਵੀਜ਼ਾ ਦਿੱਤਾ ਜਾਵੇਗਾ ਜਾਂ ਨਹੀਂ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਦੁਖਦਾਈ ਸਥਿਤੀ ਨਾਲ ‘ਹਮਦਰਦੀ’ ਨਾਲ ਨਿਜੱਠਿਆ ਜਾਵੇਗਾ।
ਪੂਨਮ ਰਨਵਾਲ ਅਤੇ ਉਨ੍ਹਾਂ ਦੇ ਪਤੀ ਆਨੰਦ (40) ਪਿਛਲੇ ਐਤਵਾਰ ਨੂੰ ਸਿਡਨੀ ਦੇ ਦੱਖਣ ’ਚ ਕਾਰਲਟਨ ਰੇਲਵੇ ਸਟੇਸ਼ਨ ’ਤੇ ਲਿਫਟ ਤੋਂ ਬਾਹਰ ਨਿਕਲੇ ਸਨ, ਜਦੋਂ ਉਨ੍ਹਾਂ ਦੀਆਂ ਜੁੜਵਾਂ ਧੀਆਂ ਨੂੰ ਲੈ ਕੇ ਜਾ ਰਹੀ ਪ੍ਰਾਮ ਪਟੜੀ ’ਤੇ ਡਿੱਗ ਗਈ। ਆਨੰਦ ਅਤੇ ਦੋ ਸਾਲ ਦੀਆਂ ਜੁੜਵਾਂ ਕੁੜੀਆਂ ਵਿਚੋਂ ਇਕ ਦੀ ਮੌਤ ਹੋ ਗਈ ਸੀ। ਆਪਣੇ ਦੂਜੇ ਬੱਚੇ ਦੇ ਨਾਲ ਹਸਪਤਾਲ ‘ਚ ਭਰਤੀ ਰੁਨਵਾਲ ਨੂੰ ਿਡਪੋਰਟ ਕੀਤੇ ਜਾਣ ਦਾ ਖਤਰਾ ਹੈ ਕਿਉਂਕਿ ਉਸ ਦਾ ਪਤੀ ਆਪਣੇ ਵਰਕਿੰਗ ਵੀਜ਼ਾ ਨੂੰ ਰੀਨਿਊ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਵੀਰਵਾਰ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਰਨਵਾਲ ਨੂੰ ਆਸਟ੍ਰੇਲੀਆ ’ਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ, ਅਲਬਾਨੀਜ਼ ਨੇ ਕਿਹਾ ਕਿ ਇਹ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਇਲਸ ਦਾ ਫੈਸਲਾ ਹੈ। ਅਲਬਾਨੀਜ਼ ਨੇ ਕਿਹਾ, ‘‘ਪਰ ਮੇਰਾ ਵਿਚਾਰ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਉਸੇ ਹਮਦਰਦੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਜਿਸ ਦੀ ਆਸਟ੍ਰੇਲੀਆਈ ਉਮੀਦ ਕਰਦੇ ਹਨ।’’ ਉਨ੍ਹਾਂ ਕਿਹਾ, ‘‘ਇਸ ਮਾਂ ਨੇ ਦੇਖਿਆ ਹੈ ਕਿ ਉਸ ਦੇ ਪਤੀ ਅਤੇ ਉਸ ਦੇ ਜੁੜਵਾਂ ਬੱਚਿਆਂ ਵਿਚੋਂ ਇਕ ਦੀ ਦੁਖਦਾਈ ਮੌਤ ਹੋ ਗਈ ਹੈ ਅਤੇ ਮੈਂ ਸੋਚਾਂਗਾ ਕਿ ਅਸੀਂ ਇਕ ਉਦਾਰ ਦੇਸ਼ ਹਾਂ ਅਤੇ ਆਸਟ੍ਰੇਲੀਆਈ ਲੋਕਾਂ ਦਾ ਦਿਲ ਇਸ ਔਰਤ ਅਤੇ ਉਸ ਦੇ ਛੋਟੇ ਬੱਚੇ ਵੱਲ ਜਾਵੇਗਾ।’’
‘ਡੇਲੀ ਮੇਲ’ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਖਬਰ ਦਿੱਤੀ ਸੀ ਕਿ ਰਨਵਾਲ ਦੇ ਮਾਲਕ ਨੇ ਉਸ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ ਅਤੇ ਉਸ ਦੇ ਪਤੀ ਦਾ ਵੀਜ਼ਾ, ਜਿਸ ਨਾਲ ਉਸ ਦਾ ਆਸਟ੍ਰੇਲੀਆ ਵਿਚ ਰਹਿਣ ਦਾ ਅਧਿਕਾਰ ਜੁੜਿਆ ਹੋਇਆ ਸੀ, ਦੀ ਮਿਆਦ 1 ਅਗਸਤ ਨੂੰ ਖਤਮ ਹੋਣ ਵਾਲੀ ਸੀ।