Joe Biden ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਦੌੜ ਤੋਂ ਬਾਹਰ ਹੋਏ

ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਮਿਲ ਸਕਦੀ ਡੋਨਾਲਡ ਟਰੰਪ ਵਿਰੁਧ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ

ਮੈਲਬਰਨ : ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ Joe Biden ਨੇ ਇਹ ਕਹਿੰਦੇ ਹੋਏ ਆਪਣਾ ਨਾਂ ਹਟਾ ਲਿਆ ਹੈ ਕਿ ‘ਇਹ ਮੇਰੀ ਪਾਰਟੀ ਅਤੇ ਦੇਸ਼ ਦੇ ਹਿੱਤ ‘ਚ ਹੈ।’ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਨੂੰ ਆਪਣੀ ਸਿਹਤ ਨੂੰ ਲੈ ਕੇ ਚਿੰਤਾਵਾਂ ਦੇ ਮੱਦੇਨਜ਼ਰ ਅਹੁਦਾ ਛੱਡਣ ਲਈ ਵਧਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਸੀ। Biden ਨੇ ਸੋਮਵਾਰ ਸਵੇਰੇ ‘ਐਕਸ’ ’ਤੇ ਪੋਸਟ ਕੀਤੀ ਇੱਕ ਖੁੱਲ੍ਹੀ ਚਿੱਠੀ ਵਿੱਚ ਇਹ ਐਲਾਨ ਕੀਤਾ। Biden ਅਗਲੇ ਸਾਲ 20 ਜਨਵਰੀ ਨੂੰ ਦੁਪਹਿਰ ਨੂੰ ਖਤਮ ਹੋਣ ਵਾਲੇ ਆਪਣੇ ਕਾਰਜਕਾਲ ਦੇ ਬਾਕੀ ਬਚੇ ਕਾਰਜਕਾਲ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਵਿਰੋਧੀ ਰਿਪਬਲਿਕਨ ਪਾਰਟੀ ਨੇ ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ।

ਬਾਈਡੇਨ ਨੇ ਆਪਣੀ ਚਿੱਠੀ ਵਿਚ ਵਾਇਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦਾ ਧੰਨਵਾਦ ਕੀਤਾ ਪਰ ਤੁਰੰਤ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ, ਜੋ ਸ਼ਿਕਾਗੋ ਵਿਚ ਅਗਸਤ ਵਿਚ ਹੋਣ ਵਾਲੇ ਸੰਮੇਲਨ ਵਿਚ ਨਾਮਜ਼ਦਗੀ ਲਈ ਪਾਰਟੀ ਦੀ ਪਹਿਲੀ ਪਸੰਦ ਹਨ। ਇਸ ਤੋਂ ਬਾਅਦ ਇਕ ਬਿਆਨ ਵਿਚ ਬਾਈਡੇਨ ਨੇ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟ ਉਮੀਦਵਾਰ ਬਣਨ ਦੀ ਹਮਾਇਤ ਕੀਤੀ।

5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਕੁਝ ਹਫਤੇ ਬਾਅਦ 82 ਸਾਲ ਦੇ ਹੋਣ ਜਾ ਰਹੇ ਰਾਸ਼ਟਰਪਤੀ ਨੇ ਬੁਢਾਪੇ ਦੇ ਚਿੰਤਾਜਨਕ ਸੰਕੇਤ ਦਿਖਾਏ ਹਨ। 27 ਜੂਨ ਨੂੰ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਬਹਿਸ ਦੌਰਾਨ ਇਹ ਸੰਕੇਤ ਸਭ ਤੋਂ ਮਹੱਤਵਪੂਰਨ ਸਨ। ਲੱਖਾਂ ਲੋਕਾਂ ਸਾਹਮਣੇ ਰਾਸ਼ਟਰਪਤੀ ਨੂੰ ਬਹਿਸ ’ਚ ਪਿੱਛੇ ਹਟਦੇ ਵੇਖਿਆ, ਜੋ ਅਕਸਰ ਬੇਤੁਕੇ ਜਵਾਬ ਦਿੰਦੇ ਰਹੇ ਅਤੇ ਆਪਣੇ ਵਿਰੋਧੀ ਦੇ ਕਈ ਝੂਠਾਂ ਨੂੰ ਉਜਾਗਰ ਕਰਨ ’ਚ ਅਸਫ਼ਲ ਰਹੇ। ਬਾਈਡੇਨ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਉਹ ਪਿਛਲੇ ਹਫਤੇ ਕੋਵਿਡ-19 ਨਾਲ ਪੀੜਤ ਹੋਣ ਤੋਂ ਬਾਅਦ ਆਪਣੇ ਡੇਲਾਵੇਅਰ ਬੀਚ ਸਥਿਤ ਘਰ ‘ਚ ਇਕਾਂਤਵਾਸ ’ਚ ਹਨ। ਬਾਈਡੇਨ ਨੇ ਕਿਹਾ ਕਿ ਉਹ ਆਪਣੇ ਫੈਸਲੇ ਬਾਰੇ ਵਿਸਥਾਰ ਨਾਲ ਦੱਸਣ ਲਈ ਇਸ ਹਫਤੇ ਦੇ ਅਖੀਰ ਵਿਚ ਰਾਸ਼ਟਰ ਨੂੰ ਸੰਬੋਧਨ ਕਰਨਗੇ।