‘ਆਸਟ੍ਰੇਲੀਆ ’ਚ ਵਾਪਰੇ ਅਪਰਾਧ ਦੀ ਸੁਣਵਾਈ ਇੰਡੀਆ ’ਚ ਕਿਵੇਂ ਹੋ ਸਕਦੀ ਹੈ?’ ਆਸਟ੍ਰੇਲੀਆ ਵਾਸੀ ਔਰਤ ਵਲੋਂ ਪੰਜਾਬ ’ਚ ਸਹੁਰਿਆਂ ਵਿਰੁਧ ਕਰਵਾਈ FIR ਰੱਦ

ਮੈਲਬਰਨ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਵਿਅਕਤੀ ਅਤੇ ਉਸ ਦੇ ਮਾਪਿਆਂ ਵਿਰੁੱਧ ਦਰਜ FIR ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਹੈ ਕਿ ਭਾਰਤ ਦੀ ਪੁਲਿਸ ਆਸਟ੍ਰੇਲੀਆ ਵਿੱਚ ਵਾਪਰੀਆਂ ਕਥਿਤ ਦਾਜ ਤਸ਼ੱਦਦ ਦੀਆਂ ਘਟਨਾਵਾਂ ਦਾ ਨੋਟਿਸ ਨਹੀਂ ਲੈ ਸਕਦੀ।

ਇਸ ਮਾਮਲੇ ‘ਚ ਜਲੰਧਰ ਦੇ ਆਦਮਪੁਰ ਪੁਲਿਸ ਸਟੇਸ਼ਨ ‘ਚ ਇਕ ਔਰਤ ਨੇ ਆਪਣੇ ਪਤੀ ਅਤੇ ਉਸ ਦੇ ਮਾਪਿਆਂ ‘ਤੇ ਨਵੰਬਰ 2020 ’ਚ ਦਾਜ ਮੰਗਣ ਅਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ FIR ਦਰਜ ਕਰਵਾਈ ਸੀ। ਦੋਵੇਂ ਧਿਰਾਂ ਆਸਟ੍ਰੇਲੀਆ ਦੇ ਪੱਕੇ ਨਿਵਾਸੀ ਹਨ ਅਤੇ 2021 ਦੌਰਾਨ ਬ੍ਰਿਸਬੇਨ ’ਚ ਤਲਾਕ ਹੋ ਗਿਆ ਸੀ। ਕੇਸ ਅਨੁਸਾਰ ਦੋਹਾਂ ਦਾ ਵਿਆਹ 2016 ’ਚ ਹੋਇਆ ਸੀ ਅਤੇ ਔਰਤ ਵਿਆਹ ਤੋਂ ਬਾਅਦ ਆਸਟ੍ਰੇਲੀਆ ਆ ਗਈ ਸੀ ਜਿਸ ਤੋਂ ਕੁਝ ਦੇਰ ਬਾਅਦ ਉਸ ਦਾ ਪਤੀ ਵੀ ਇੱਥੇ ਉਸ ਨਾਲ ਆ ਗਿਆ। ਔਰਤ ਅਨੁਸਾਰ ਉਸ ਦੇ ਸਾਬਕਾ ਪਤੀ ਅਤੇ ਸਹੁਰਾ ਪਰਿਵਾਰ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ 25 ਲੱਖ ਰੁਪਏ ਮੰਗਣ ਲੱਗੇ। ਇਨਕਾਰ ਕਰਨ ’ਤੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਸਹੁਰਾ ਪਰਿਵਾਰ ਨੇ ਉਸ ਨੂੰ ਆਪਣੇ ਪਤੀ ਤੋਂ ਤਲਾਕ ਲੈਣ ਲਈ ਵੀ ਮਜਬੂਰ ਕੀਤਾ।

ਪਰ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਕਥਿਤ ਘਟਨਾਵਾਂ ਆਸਟ੍ਰੇਲੀਆ ਵਿੱਚ ਵਾਪਰੀਆਂ ਹਨ ਅਤੇ CrPC ਦੀ ਧਾਰਾ 177 ਦੇ ਅਨੁਸਾਰ, ਅਪਰਾਧਾਂ ਦੀ ਸੁਣਵਾਈ ਉੱਥੇ ਹੀ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਉਹ ਵਾਪਰੀਆਂ ਸਨ। ਇਸ ਤੋਂ ਇਲਾਵਾ, ਧਾਰਾ 188 ਇਹ ਲਾਜ਼ਮੀ ਕਰਦੀ ਹੈ ਕਿ ਵਿਦੇਸ਼ਾਂ ਵਿੱਚ ਕੀਤੇ ਗਏ ਅਪਰਾਧਾਂ ਲਈ, ਭਾਰਤ ਵਿੱਚ ਮੁਕੱਦਮਾ ਚਲਾਉਣ ਲਈ ਕੇਂਦਰ ਸਰਕਾਰ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਅਦਾਲਤ ਨੇ ਕਿਹਾ ਕਿ ਆਸਟ੍ਰੇਲੀਆਈ ਤਲਾਕ ਦੀ ਕਾਰਵਾਈ ਵਿਚ ਔਰਤ ਦੇ ਦੋਸ਼ਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਅਤੇ FIR ਨੂੰ ਨਿੱਜੀ ਬਦਲਾਖੋਰੀ ਦੀ ਕਾਰਵਾਈ ਮੰਨਿਆ ਗਿਆ, ਜੋ ਕਾਨੂੰਨੀ ਪ੍ਰਣਾਲੀ ਦੀ ਦੁਰਵਰਤੋਂ ਨੂੰ ਉਜਾਗਰ ਕਰਦਾ ਹੈ।