ਵੀਜ਼ਾ ਨਿਯਮਾਂ ’ਚ ਫਸਿਆ ਆਸਟ੍ਰੇਲੀਆ ਦਾ ਕੁਸ਼ਤੀ ਚੈਂਪੀਅਨ, ਨਹੀਂ ਲੈ ਸਕੇਗਾ ਪੈਰਿਸ ਓਲੰਪਿਕ ’ਚ ਹਿੱਸਾ

ਮੈਲਬਰਨ : ਆਸਟ੍ਰੇਲੀਆ ਦੇ ਚੋਟੀ ਦੇ ਭਲਵਾਨਾਂ ਵਿਚੋਂ ਇਕ ਮੁਸਤਫਾ ਨਿਕਾਦਮ ਓਲੰਪਿਕ ਵਿਚ ਆਸਟ੍ਰੇਲੀਆ ਦੀ ਨੁਮਾਇੰਦਗੀ ਸਿਰਫ਼ ਇਸ ਲਈ ਨਹੀਂ ਕਰ ਸਕਦਾ ਕਿਉਂਕਿ 2013 ਤੋਂ ਬਾਅਦ ਕਿਸ਼ਤੀ ਰਾਹੀਂ ਆਸਟ੍ਰੇਲੀਆ ਆ ਕੇ ਸ਼ਰਨ ਮੰਗਣ ਵਾਲਿਆਂ ’ਤੇ ਉਮਰ ਭਰ ਲਈ ਵੀਜ਼ਾ ਪਾਬੰਦੀ ਲਗਾਈ ਗਈ ਹੈ। ਅਫਗਾਨਿਸਤਾਨ ਤੋਂ ਭੱਜ ਕੇ ਆਸਟ੍ਰੇਲੀਆ ’ਚ ਸ਼ਰਨ ਲੈ ਕੇ ਰਹਿ ਰਹੇ 28 ਸਾਲ ਦੇ ਨੈਸ਼ਨਲ ਚੈਂਪੀਅਨ ਪਹਿਲਵਾਨ ਦਾ ਓਲੰਪਿਕ ’ਚ ਹਿੱਸਾ ਲੈਣ ਦਾ ਸੁਪਨਾ ਪੂਰਾ ਹੁੰਦਾ ਨਹੀਂ ਦਿਸ ਰਿਹਾ। ਉਹ ਇਸ ਵੇਲੇ ਸਿਡਨੀ ਵਿਚ ਬੱਚਿਆਂ ਨੂੰ ਕੁਸ਼ਤੀ ਲੜਨ ਦੀ ਸਿਖਲਾਈ ਦੇ ਰਿਹਾ ਹੈ।

ਤਾਲਿਬਾਨ ਤੋਂ ਭੱਜਣ ਮਗਰੋਂ ਉਸ ਨੇ 2021 ਵਿੱਚ ਆਸਟ੍ਰੇਲੀਆ ਦੀ ਸ਼ਰਨ ਲੈ ਲਈ ਸੀ। ਇਸ ਤੋਂ ਪਹਿਲਾਂ Nauru ਵਿੱਚ ਉਸ ਨੇ ਹਿਰਾਸਤ ’ਚ ਸੱਤ ਸਾਲ ਬਿਤਾਏ। ਨਿਕਾਦਮ ਨੇ Nauru ਵਿੱਚ ਹੀ ਆਪਣੇ ਕੁਸ਼ਤੀ ਦੇ ਹੁਨਰ ਨੂੰ ਨਿਖਾਰਿਆ ਅਤੇ ਛੇਤੀ ਹੀ 70 ਕਿਲੋਗ੍ਰਾਮ ਵਰਗ ਵਿੱਚ ਆਸਟ੍ਰੇਲੀਆਈ ਰਾਸ਼ਟਰੀ ਚੈਂਪੀਅਨ ਬਣ ਗਿਆ। ਉਸ ਦੀਆਂ ਪ੍ਰਾਪਤੀਆਂ ਦੇ ਬਾਵਜੂਦ, ਉਸ ਦਾ bridging visa ਉਸ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕਰਨ ਤੋਂ ਰੋਕਦਾ ਹੈ। ਨਿਕਾਦਮ ਨੇ ਆਪਣੇ ਕੁਸ਼ਤੀ ਕੈਰੀਅਰ ਨੂੰ ਅੱਗੇ ਵਧਾਉਣ ਅਤੇ ਆਸਟ੍ਰੇਲੀਆ ਵਿੱਚ ਰਹਿਣ ਲਈ ਪੱਕੇ ਸੁਰੱਖਿਆ ਵੀਜ਼ਾ ਦੀ ਮੰਗ ਕੀਤੀ ਹੈ।