ਭਾਰਤ ’ਚ ਸਤਿਸੰਗ ਤੋਂ ਬਾਅਦ ਮਚੀ ਭਾਜੜ, 116 ਲੋਕਾਂ ਦੀ ਗਈ ਜਾਨ, ਬਹੁਤੀਆਂ ਔਰਤਾਂ

ਮੈਲਬਰਨ : ਭਾਰਤ ’ਚ ਵਾਪਰੇ ਇੱਕ ਮੰਦਭਾਗੇ ਹਾਦਸੇ 116 ਲੋਕਾਂ ਦੀ ਮੌਤ ਹੋ ਗਈ। ਹਾਦਸਾ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਫੁਲਰਾਈ ਵਿਚ ਮੰਗਲਵਾਰ ਨੂੰ ਸਤਿਸੰਗ ਦੌਰਾਨ ਭਾਜੜ ਮਚਣ ਕਾਰਨ ਵਾਪਰਿਆ ਜਿਸ ’ਚ ਕਈ ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿਚ ਬਹੁਗਿਣਤੀ ਔਰਤਾਂ ਦੀ ਹੈ ਤੇ ਜ਼ਿਆਦਾਤਰ ਮੌਤਾਂ ਸਾਹ ਘੁੱਟਣ ਕਰਕੇ ਹੋਈਆਂ। ਸਤਿਸੰਗ ਭੋਲੇ ਬਾਬਾ ਨਾਂ ਦੇ ਸਾਧ ਵੱਲੋਂ ਕਰਵਾਇਆ ਗਿਆ ਸੀ। ਦਸਿਆ ਜਾ ਰਿਹਾ ਹੈ ਕਿ ਭਾਜੜ ਉਦੋਂ ਮਚੀ ਜਦੋਂ ਭੋਲੇ ਬਾਬਾ ਆਪਣੀ ਸਤਿਸੰਗ ’ਚੋਂ ਜਾ ਰਿਹਾ ਸੀ ਅਤੇ ਲੋਕ ਉਸ ਦੇ ਪੈਰਾਂ ਦੀ ਧੂੜ ਆਪਣੇ ਮੱਥੇ ਲਗਾਉਣ ਲਈ ਉਸ ਪਿੱਛੇ ਭੱਜ ਉੱਠੇ। ਇਸ ਦੌਰਾਨ ਭੀੜ ’ਚ ਦਬ ਕੇ ਕਈ ਔਰਤਾਂ ਅਤੇ ਬੱਚੇ ਡਿੱਗ ਗਏ। ਏਨਾ ਹੀ ਨਹੀਂ ਜੋ ਲੋਕ ਹਾਦਸੇ ’ਚ ਜ਼ਖ਼ਮੀ ਹੋ ਗਏ ਸਨ ਉਹ ਬਹੁਤ ਦੇਰ ਤਕ ਮਦਦ ਦੀ ਆਸ ’ਚ ਤੜਪਦੇ ਰਹੇ। ਅੱਧੇ ਤੋਂ ਜ਼ਿਆਦਾ ਲੋਕਾਂ ਦੀ ਮੌਤ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮਰਨ ਵਾਲਿਆਂ ’ਚ ਇੱਕ ਰਜਨੀਸ਼ ਨਾਂ ਦੇ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ ਜਿਸ ਦੀ ਮੌਤ ਇਕੱਠਿਆਂ ਬਹੁਤ ਸਾਰੀਆਂ ਲਾਸ਼ਾਂ ਵੇਖਣ ਕਾਰਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਜਾ ਰਹੀ ਹੈ।

ਕੌਣ ਹੈ ਹਾਦਸੇ ਤੋਂ ਬਾਅਦ ਫਰਾਰ ਹੋਇਆ ਭੋਲੇ ਬਾਬਾ?

ਵਿਸ਼ਵ ਹਰੀ ਭੋਲੇ ਬਾਬਾ ਨੂੰ ਪੈਰੋਕਾਰਾਂ ਦੁਆਰਾ ਭੋਲੇ ਬਾਬਾ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ। ਹਾਦਸੇ ਤੋਂ ਬਾਅਦ ਫਰਾਰ ਦਸਿਆ ਜਾ ਰਿਹਾ ਭੋਲੇ ਬਾਬਾ ਹਰ ਮੰਗਲਵਾਰ ਸਤਿਸੰਗ ਕਰਦਾ ਹੈ। ਉਸ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਕਾਸਗੰਜ ਜ਼ਿਲ੍ਹੇ ਦੇ ਪਟਿਆਲੀ ਸਥਿਤ ਬਹਾਦਰ ਨਗਰ ਦੇ ਵਸਨੀਕ ਸਾਕਾਰ ਵਿਸ਼ਵ ਹਰੀ ਭੋਲੇ ਬਾਬਾ ਨੇ 17 ਸਾਲ ਪਹਿਲਾਂ ਪੁਲਿਸ ਵਿਭਾਗ ਦੀ ਨੌਕਰੀ ਛੱਡ ਦਿੱਤੀ ਸੀ ਅਤੇ ਸਤਿਸੰਗ ਸ਼ੁਰੂ ਕੀਤਾ ਸੀ। ਉੱਤਰ ਪ੍ਰਦੇਸ਼ ਤੋਂ ਇਲਾਵਾ ਰਾਜਸਥਾਨ ਅਤੇ ਮੱਧ ਪ੍ਰਦੇਸ਼ ‘ਚ ਵੀ ਭੋਲੇ ਬਾਬਾ ਦੇ ਪੈਰੋਕਾਰ ਵੱਡੀ ਗਿਣਤੀ ‘ਚ ਹਨ। ਭੋਲੇ ਬਾਬਾ ਅਤੇ ਉਨ੍ਹਾਂ ਦੇ ਪੈਰੋਕਾਰ ਮੀਡੀਆ ਤੋਂ ਦੂਰੀ ਬਣਾ ਕੇ ਰੱਖਦੇ ਹਨ। ਭੋਲੇ ਬਾਬਾ ਦੇ ਇੱਕ ਭਗਤ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ ਵਿੱਚ ਕੋਈ ਗੁਰੂ ਨਹੀਂ ਹੈ। ਸੇਵਾਮੁਕਤੀ ਲੈਣ ਤੋਂ ਬਾਅਦ, ਉਸ ਦੀ ਅਚਾਨਕ ਰੱਬ ਨਾਲ ਮੁਲਾਕਾਤ ਹੋ ਗਈ ਅਤੇ ਉਦੋਂ ਤੋਂ ਹੀ ਉਸ ਦਾ ਰੁਝਾਨ ਅਧਿਆਤਮਿਕਤਾ ਵੱਲ ਹੋ ਗਿਆ। ਪਰਮਾਤਮਾ ਦੀ ਪ੍ਰੇਰਣਾ ਨਾਲ ਉਸ ਨੂੰ ਅਹਿਸਾਸ ਹੋਇਆ ਕਿ ਇਹ ਸਰੀਰ ਉਸੇ ਪਰਮਾਤਮਾ ਦਾ ਅੰਗ ਹੈ। ਉਸ ਦਾ ਅਸਲੀ ਨਾਮ ਸੂਰਜ ਪਾਲ ਹੈ। ਉਹ ਕਾਸਗੰਜ ਦਾ ਰਹਿਣ ਵਾਲਾ ਹੈ।