ਆਸਟ੍ਰੇਲੀਆ ਦੀ ਕਿਹੜੀ ਸਟੋਰ ਚੇਨ ਵੇਚਦੀ ਹੈ ਸਭ ਤੋਂ ਸਸਤਾ ਗਰੌਸਰੀ ਦਾ ਸਾਮਾਨ? ਜਾਣੋ ਕੀ ਕਹਿੰਦੈ ਨਵਾਂ ਸਰਵੇ

ਮੈਲਬਰਨ : ਕੰਜ਼ਿਊਮਰ ਗਰੁੱਪ Choice ਵੱਲੋਂ ਹਾਲ ਹੀ ਵਿੱਚ ਤਿਮਾਹੀ ਸੁਪਰਮਾਰਕੀਟ ਕੀਮਤ ਸਰਵੇਖਣ ਨੇ ਆਸਟ੍ਰੇਲੀਆ ਵਿੱਚ ਖਰੀਦਦਾਰੀ ਕਰਨ ਲਈ ਸਭ ਤੋਂ ਸਸਤੀ ਚੇਨ ਦਾ ਖੁਲਾਸਾ ਕੀਤਾ ਹੈ। ਸਰਕਾਰ ਵੱਲੋਂ ਫੰਡ ਪ੍ਰਾਪਤ ਇਸ ਸਰਵੇਖਣ ’ਚ ਰਹੱਸਮਈ ਖਰੀਦਦਾਰਾਂ ਨੇ Woolworths, Coles ਅਤੇ Aldi ਸਮੇਤ 81 ਰੀਜਨਲ ਅਤੇ ਸ਼ਹਿਰੀ ਸੁਪਰਮਾਰਕੀਟਾਂ ਦਾ ਦੌਰਾ ਕੀਤਾ।

ਕੀਮਤਾਂ ਦੀ ਤੁਲਨਾ ਕਰਨ ਤੋਂ ਬਾਅਦ ਪਾਇਆ ਗਿਆ ਕਿ Aldi ਦੀ ਬਾਸਕਿਟ Coles ਜਾਂ Woolworths ਨਾਲੋਂ ਲਗਭਗ 25٪ ਸਸਤੀ ਸੀ। ਖਾਸ ਤੌਰ ‘ਤੇ, Aldi ਦੀ 14-ਪ੍ਰੋਡਕਟਸ ਵਾਲੀ ਬਾਸਕਿਟ ਦੀ ਕੀਮਤ ਸਿਰਫ 51.51 ਡਾਲਰ ਸੀ, ਜਦੋਂ ਕਿ Coles ਨੇ ਿੲਹੀ ਸਾਮਾਨ 69.33 ਡਾਲਰ ਅਤੇ Woolworths ਨੇ 68.58 ਡਾਲਰ ’ਚ ਵੇਚਿਆ।

ਸਰਵੇਖਣ ’ਚ ਪਤਾ ਲੱਗਾ ਹੈ ਕਿ ਕੀਮਤਾਂ ਦੇ ਮਾਮਲੇ ’ਚ ਸਥਾਨ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਤਸਮਾਨੀਆ ਅਤੇ ਨੌਰਦਰਨ ਟੈਰੀਟਰੀ ਦੇ ਵਸਨੀਕਾਂ ਨੂੰ ਸੀਮਤ ਖਰੀਦਦਾਰੀ ਬਦਲਾਂ ਕਾਰਨ ਵਧੇਰੇ ਭੁਗਤਾਨ ਕਰਨਾ ਪੈਂਦਾ ਹੈ, ਕਿਉਂਕਿ ਇਨ੍ਹਾਂ ਇਲਾਕਿਆਂ ’ਚ Aldi ਸਟੋਰਾਂ ਦੀ ਘਾਟ ਹੈ। Aldi ਆਸਟ੍ਰੇਲੀਆ ਦੇ ਪ੍ਰਬੰਧ ਨਿਰਦੇਸ਼ਕ, ਜਾਰਡਨ ਲੈਕ ਨੇ ਸਭ ਤੋਂ ਵਧੀਆ ਕੀਮਤਾਂ ਦੀ ਪੇਸ਼ਕਸ਼ ਕਰਨ ਲਈ ਆਪਣੀ ਵਚਨਬੱਧਤਾ ‘ਤੇ ਜ਼ੋਰ ਦਿੱਤਾ, ਜਦੋਂ ਕਿ Coles ਅਤੇ Woolworths ਨੇ ਕਿਹਾ ਕਿ ਉਨ੍ਹਾਂ ਕੋਲ ਵਿਆਪਕ ਰੇਂਜ ਅਤੇ ਵਾਧੂ ਸੇਵਾਵਾਂ ਮਿਲਦੀਆਂ ਹਨ।