ਮੈਲਬਰਨ : ਨਿਊਜ਼ੀਲੈਂਡ ਦੇ ਡਿਪਟੀ ਪ੍ਰਾਈਮ ਮਿਨੀਸਟਰ ਵਿੰਸਟਨ ਪੀਟਰਸ ਨੇ ਕਿਹਾ ਹੈ ਕਿ ਪਿੱਛੇ ਜਿਹੇ ਉਨ੍ਹਾਂ ਵੱਲੋਂ ਭਾਰਤ ਫੇਰੀ ਦੌਰਾਨ ਕੈਨੇਡਾ ’ਚ ਕਤਲ ਕਰ ਦਿੱਤੇ ਗਏ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਬਾਰੇ ਦਿੱਤੇ ਇੱਕ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇੰਡੀਅਨ ਐਕਸਪ੍ਰੈਸ ਨੂੰ ਮਾਰਚ ਮਹੀਨੇ ’ਚ ਦਿੱਤੇ ਇੰਟਰਵਿਊ ਅਨੁਸਾਰ ਉਨ੍ਹਾਂ ਨੇ ਕੈਨੇਡਾ ਵਿੱਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਭਾਰਤੀ ਏਜੰਟਾਂ ਦੇ ਸਬੰਧਾਂ ਦੇ ਸਬੂਤਾਂ ‘ਤੇ ਸਵਾਲ ਚੁੱਕੇ। ਹਾਲਾਂਕਿ ਕੁਝ ਮੀਡੀਆ ਨੇ ਉਨ੍ਹਾਂ ਦੀ ਟਿੱਪਣੀ ਨੂੰ ਭਾਰਤ ਦੀ ਸ਼ਮੂਲੀਅਤ ‘ਤੇ ਸ਼ੱਕ ਜ਼ਾਹਰ ਕਰਨ ਦੇ ਤੌਰ ‘ਤੇ ਪੇਸ਼ ਕੀਤਾ।
ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਕੈਨੇਡੀਅਨ ਵਿਦੇਸ਼ ਮੰਤਰੀ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਸੀ। ਅੱਜ ਸੰਸਦ ਦੀ ਵਿਦੇਸ਼ ਮਾਮਲਿਆਂ, ਡਿਫ਼ੈਂਸ ਅਤੇ ਟਰੇਡ ਸਿਲੈਕਟ ਕਮੇਟੀ ਸਾਹਮਣੇ ਪੇਸ਼ ਹੋਣ ’ਤੇ ਪਰ ਪੀਟਰਸ ਨੇ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਨਾਲ ਗੱਲ ਕਰ ਕੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਗੱਲ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਤਲਬ ਕੋਈ ਰਾਏ ਬਣਾਉਣ ਤੋਂ ਪਹਿਲਾਂ ਹੋਰ ਜਾਣਕਾਰੀ ਦੀ ਉਡੀਕ ਕਰਨ ਤੋਂ ਸੀ ਅਤੇ ਇਸ ਮਾਮਲੇ ’ਚ ਨਿਊਜ਼ੀਲੈਂਡ ਦੀ ਸਥਿਤੀ ਵਿੱਚ ਪਹਿਲਾਂ ਨਾਲੋਂ ਕੋਈ ਤਬਦੀਲੀ ਨਹੀਂ ਹੋਈ ਹੈ।