NSW ’ਚ ਵੀ ਵਧੇਗਾ ਪ੍ਰਾਪਰਟੀ ਟੈਕਸ, ਕਿਰਾਏਦਾਰਾਂ ’ਤੇ ਪੈ ਸਕਦੈ ਨਵਾਂ ਬੋਝ

ਮੈਲਬਰਨ : ਵਿਕਟੋਰੀਆ ਵਿੱਚ ਲੈਂਡ ਟੈਕਸ ਦੇ ਵੱਡੇ ਵਾਧੇ ਅਤੇ ਕੁਈਨਜ਼ਲੈਂਡ ਵਿੱਚ ਟੈਕਸ ’ਚ ਵਾਧੇ ਦੀ ਕੋਸ਼ਿਸ਼ ਤੋਂ ਬਾਅਦ, NSW ਉੱਚ ਟੈਕਸਾਂ ਨਾਲ ਕਈ ਪ੍ਰਾਪਰਟੀ ਮਾਲਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਤੀਜੀ ਲੇਬਰ ਸਰਕਾਰ ਬਣ ਗਈ ਹੈ। NSW ਵਿੱਚ ਲੈਂਡਲੌਰਡਸ, ਹੋਲੀਡੇ ਹੋਮਸ ਅਤੇ ਕਾਰੋਬਾਰਾਂ ਲਈ ਲੈਂਡ ਟੈਕਸਾਂ ਵਿੱਚ 1.5 ਬਿਲੀਅਨ ਡਾਲਰ ਦਾ ਵਾਧਾ ਹੋਵੇਗਾ। ਰੀਅਲ ਅਸਟੇਟ ਉਦਯੋਗ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਦੇ ਇਸ ਐਲਾਨ ਨਾਲ ਮਾਲਕਾਂ ਨੂੰ ਹਰ ਸਾਲ ਹਜ਼ਾਰਾਂ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਅਤੇ ਨਤੀਜੇ ਵੱਜੋਂ ਕਿਰਾਏ ’ਤੇ ਰਹਿਣ ਵਾਲਿਆਂ ਦਾ ਕਿਰਾਇਆ ਵਧ ਸਕਦਾ ਹੈ।

ਮੰਗਲਵਾਰ ਨੂੰ ਸਟੇਟ ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ, NSW ਦੇ ਟਰੈਜ਼ਰਰ ਡੈਨੀਅਲ ਮੁਖੇ ਨੇ ਕਿਹਾ ਕਿ ਲੈਂਡ ਟੈਕਸ ਲਈ ਟੈਕਸ ਮੁਕਤ ਹੱਦ ਨੂੰ 2024 ਦੇ 1.075 ਮਿਲੀਅਨ ਡਾਲਰ ਦੇ ਪੱਧਰ ‘ਤੇ ਰੋਕ ਦਿੱਤਾ ਜਾਵੇਗਾ ਅਤੇ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਤਬਦੀਲੀਆਂ ਦੇ ਅਨੁਸਾਰ ਸਾਲਾਨਾ ਸੂਚੀਬੱਧ ਨਹੀਂ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਪਹਿਲਾਂ ਨਾਲੋਂ ਜ਼ਿਆਦਾ ਪ੍ਰਾਪਰਟੀਜ਼ ‘ਤੇ NSW ਲੈਂਡ ਟੈਕਸ ਲਗਾਇਆ ਜਾ ਸਕੇਗਾ ਅਤੇ ਮੌਜੂਦਾ ਲੈਂਡ ਟੈਕਸ ਭਰਨ ਵਾਲੇ ਹੌਲੀ-ਹੌਲੀ ਵਧੇਰੇ ਭੁਗਤਾਨ ਕਰਨਗੇ।