ਮੈਲਬਰਨ ’ਚ ਪੰਜਾਬੀ ਡਰਾਈਵਰ ਚਾਕੂ ਨਾਲ ਹਮਲੇ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ, ਇਲਾਜ ’ਚ ਮਦਦ ਲਈ ਕੀਤੀ ਲੋਕਾਂ ਨੂੰ ਅਪੀਲ

ਮੈਲਬਰਨ : ਮੈਲਬਰਨ ਦੇ ਉੱਤਰ-ਪੂਰਬੀ ਇਲਾਕੇ ‘ਚ ਉਬਰ ਡਰਾਈਵਰ ਲਵਪ੍ਰੀਤ ਸਿੰਘ ‘ਤੇ ਇਕ ਯਾਤਰੀ ਨੇ ਕਥਿਤ ਤੌਰ ‘ਤੇ ਕਈ ਵਾਰ ਚਾਕੂ ਨਾਲ ਹਮਲਾ ਕਰ ਦਿੱਤਾ। ਲਵਪ੍ਰੀਤ ਸਿੰਘ ਨੇ ਕਿਹਾ ਕਿ ਇਹ ਹਮਲਾ ਉਸ ਦੀ ਕਾਰ ਚੋਰੀ ਕਰਨ ਦੀ ਕੋਸ਼ਿਸ਼ ਸੀ, ਜਿਸ ਕਾਰਨ ਉਸ ਨੂੰ ਅਲਫਰੈਡ ਹਸਪਤਾਲ ਵਿੱਚ ਚਾਰ ਦਿਨਾਂ ਲਈ ਦਾਖਲ ਹੋਣਾ ਪਿਆ। ਉਸ ਦੀ ਗਰਦਨ, ਹੱਥ ਅਤੇ ਧੜ ’ਤੇ ਜ਼ਖਮਾਂ ਲਈ 30 ਤੋਂ ਵੱਧ ਟਾਂਕੇ ਲੱਗੇ।

ਲਵਪ੍ਰੀਤ ਸਿੰਘ ਨੇ ਹਮਲਾਵਰ ਨੂੰ ਆਪਣੇ ਪਰਿਵਾਰ ਦਾ ਹਵਾਲਾ ਦਿੰਦੇ ਹੋਏ ਆਪਣੀ ਜਾਨ ਬਖਸ਼ਣ ਦੀ ਬੇਨਤੀ ਕੀਤੀ ਪਰ ਹਮਲਾਵਰ ਨੇ ਦਾਅਵਾ ਕੀਤਾ ਕਿ ਇਹ ਸਭ ਉਹ ਆਪਣੇ ਪਰਿਵਾਰ ਲਈ ਕਰਨਾ ਚਾਹੁੰਦਾ ਸੀ। ਹਾਲਾਂਕਿ ਕਿਸੇ ਤਰ੍ਹਾਂ ਲਵਪ੍ਰੀਤ ਭੱਜਣ ’ਚ ਕਾਮਯਾਬ ਰਿਹਾ ਅਤੇ ਪੁਲਿਸ ਨੂੰ ਸੁਚੇਤ ਕੀਤਾ। ਪੁਲਿਸ ਨੇ ਇਕ 29 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ‘ਤੇ ਹਥਿਆਰ ਨਾਲ ਹਮਲਾ ਕਰਨ ਸਮੇਤ ਕਈ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਉਹ ਜ਼ਮਾਨਤ ‘ਤੇ ਬਾਹਰ ਹੈ ਅਤੇ ਉਸ ਨੂੰ ਅਗਸਤ ਵਿੱਚ ਅਦਾਲਤ ’ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।

ਸਦਮੇ ਵਿੱਚ, ਲਵਪ੍ਰੀਤ ਸਿੰਘ ਉਦੋਂ ਤੋਂ ਆਪਣਾ ਘਰ ਛੱਡਣ ਤੋਂ ਝਿਜਕ ਰਿਹਾ ਹੈ ਅਤੇ ਉਸ ਨੇ ਹੋਰ ਡਰਾਈਵਰਾਂ ਨੂੰ ਨਿੱਜੀ ਸੁਰੱਖਿਆ ਨੂੰ ਤਰਜੀਹ ਦੇਣ ਦੀ ਸਲਾਹ ਦਿੱਤੀ ਹੈ। ਦੋਸਤ ਅਤੇ ਪਰਿਵਾਰ ਲਵਪ੍ਰੀਤ ਸਿੰਘ ਦੇ ਇਲਾਜ ਲਈ ਫੰਡ ਇਕੱਠੇ ਕਰ ਰਹੇ ਹਨ। ਹੇਠਾਂ ਦਿੱਤੇ ਲਿੰਕ ’ਤੇ ਉਸ ਦੀ ਮਦਦ ਕੀਤੀ ਜਾ ਸਕਦੀ ਹੈ।

Fundraiser by Vipandeep Kaur : Lovepreet Singh Medical expenses. (gofundme.com)