ਮੈਲਬਰਨ : ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ’ਚ ਪਹਿਲੀ ਵਾਰੀ ਹੀ ਕਿਸਮਤ ਨਹੀਂ ਜਾਗਦੀ ਉੱਥੇ ਸਿਡਨੀ ਦੇ ਇਕ ਵਿਅਕਤੀ ਨੇ ਅੱਜ 200,000 ਡਾਲਰ ਤੋਂ ਵੱਧ ਦੀ ਲਾਟਰੀ ਜਿੱਤ ਲਈ ਹੈ। 25 ਸਾਲਾਂ ਵਿਚ ਦੂਜੀ ਵਾਰ ਉਸ ਨੇੇ ਲਾਟਰੀ ਵਿਚ ਵੱਡੀ ਜਿੱਤ ਹਾਸਲ ਕੀਤੀ ਹੈ। ਉਸ ਆਦਮੀ ਦੀ ਉਦੋਂ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਨੇ ਕੱਲ੍ਹ ਲੱਕੀ ਲਾਟਰੀਜ਼ ਮੈਗਾ ਜੈਕਪਾਟ ਡਰਾਅ 1678 ਵਿੱਚ ਪਹਿਲਾ ਇਨਾਮ ਜਿੱਤ ਲਿਆ ਹੈ।
ਉਸ ਨੇ ਕਿਹਾ ਕਿ ਉਸ ਨੇ ਲਗਭਗ 25 ਸਾਲ ਪਹਿਲਾਂ ਇਸੇ ਲਾਟਰੀ ਵਿੱਚ ਪਹਿਲਾ ਇਨਾਮ ਜਿੱਤਿਆ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਉਸ ਲਈ ਇੱਕ ਹੋਰ ਜਿੱਤ ਆਉਣ ਵਾਲੀ ਹੈ। ਉਸ ਨੇ ਕਿਹਾ, ‘‘ਪਿਛਲੇ ਹਫਤੇ ਮੈਨੂੰ ਮਹਿਸੂਸ ਹੋਇਆ ਕਿ ਕੁਝ ਚੰਗਾ ਆ ਰਿਹਾ ਹੈ। ਮੈਂ ਨਹੀਂ ਸੋਚਿਆ ਸੀ ਕਿ ਇਕ ਜ਼ਿੰਦਗੀ ਵਿਚ ਦੋ ਵਾਰ ਜਿੱਤਣਾ ਸੰਭਵ ਹੈ। ਮੈਂ ਅਜੇ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਇਹ ਅਸਲ ਵਿੱਚ ਦੁਬਾਰਾ ਵਾਪਰਿਆ ਹੈ।’’ ਇਲਾਵੋਂਗ ਦੇ ਵਸਨੀਕ ਨੇ ਕਿਹਾ ਕਿ ਉਹ ਆਪਣੀ ਜਿੱਤ ਦੀ ਵਰਤੋਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਕਰੇਗਾ।