ਵਿਕਟੋਰੀਆ ‘ਚ ਪਹਿਲੀ ਵਾਰ ਟਰੱਕ ਜ਼ਬਤ

ਮੈਲਬਰਨ : ਵਿਕਟੋਰੀਆ ਪੁਲਿਸ ਨੇ ਸਸਪੈਂਡ ਲਾਇਸੈਂਸ ਦੇ ਬਾਵਜੂਦ ਡਰਾਈਵਿੰਗ ਕਰ ਰਹੇ ਇੱਕ ਟਰੱਕ ਡਰਾਈਵਰ ਨੂੰ ਫੜਨ ਤੋਂ ਬਾਅਦ ਸਟੇਟ ਦਾ ਪਹਿਲਾ ‘ਨੋਟਿਸ ਟੂ ਸਿਰੰਡਰ’ ਜਾਰੀ ਕੀਤਾ ਹੈ, ਜੋ ਕਿ ਕਾਰ ਨੂੰ ਇੰਪਾਊਂਡ ਕਰਨ ਦੇ ਬਰਾਬਰ ਹੈ। ਡਿਲੀਵਰੀ ਡਰਾਈਵਰ ਨੂੰ ਵੀਰਵਾਰ ਦੁਪਹਿਰ ਕਰੀਬ 2 ਵਜੇ ਮੈਲਬਰਨ ਦੇ ਦੱਖਣ ਪੂਰਬ ਦੇ ਹਾਲਮ ਵਿਚ ਪ੍ਰਿੰਸ ਹਾਈਵੇਅ ‘ਤੇ ਦੇਖਿਆ ਗਿਆ, ਜਦੋਂ ਉਸ ਤੋਂ ਗੱਡੀ ਚਲਾਉਣ ਦੀ ਇਜਾਜ਼ਤ ਖੋਹ ਲਈ ਗਈ। ਹਾਈਵੇ ਪੈਟਰੋਲ ਨੇ ਬਰਵਿਕ ਦੇ ਇਸ 33 ਸਾਲ ਦੇ ਮਰਦ ਡਰਾਈਵਰ ਨੂੰ ਰੋਕਿਆ, ਜਿਸ ਦਾ ਲਾਇਸੈਂਸ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਅਪਰਾਧ ਕਾਰਨ ਮੁਅੱਤਲ ਸੀ।

ਵਿਕਟੋਰੀਆ ਪੁਲਿਸ ਲਈ ਇਹ ਪਹਿਲਾ ਮੌਕਾ ਸੀ ਜਿਸ ਵਿੱਚ ਇੱਕ ‘ਹੈਵੀ ਵਹੀਕਲ’ ਨੂੰ ਜ਼ਬਤ ਕਰ ਲਿਆ ਗਿਆ ਸੀ। ਡਰਾਈਵਰ ਨੂੰ 675 ਡਾਲਰ ਦੀ ਲਾਗਤ ਨਾਲ 30 ਦਿਨਾਂ ਦੀ ਮਿਆਦ ਲਈ ਟਰੱਕ ਸਮਰਪਣ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ। ਉਸ ’ਤੇ ਮੁਅੱਤਲ ਦੌਰਾਨ ਗੱਡੀ ਚਲਾਉਣ ਅਤੇ ਸ਼ਰਾਬ ਦੀ ਇੰਟਰਲਾਕ ਸ਼ਰਤ ਦੀ ਉਲੰਘਣਾ ਕਰਨ ਦਾ ਵੀ ਦੋਸ਼ ਲਗਾਇਆ ਜਾਵੇਗਾ।