ਵਰਕਰਾਂ ਦੇ ਮੈਡੀਕਲ ਸਰਟੀਫ਼ੀਕੇਟ ਕਰ ਰਹੇ ਨੇ GPs ਦਾ ਸਮਾਂ ਬਰਬਾਦ, ਯੂ.ਕੇ. ਤੋਂ ਸੇਧ ਲੈਣ ਦਾ ਦਿੱਤਾ ਸੁਝਾਅ

ਮੈਲਬਰਨ : ਬਹੁਤ ਸਾਰੇ ਆਸਟ੍ਰੇਲੀਆਈ ਵਰਕਰਾਂ ਨੂੰ ਸੈਲਰੀ ਸਮੇਤ ਬਿਮਾਰੀ ਦੀ ਛੁੱਟੀ ਦੇ ਥੋੜ੍ਹੇ ਸਮੇਂ ਲਈ ਵੀ ਡਾਕਟਰ ਦੇ ਮੈਡੀਕਲ ਸਰਟੀਫਿਕੇਟ ਪੇਸ਼ ਕਰਨ ਦੀ ਲੋੜ ਹੁੰਦੀ ਹੈ। ਪਰ ਇੰਪਲੋਏਅਰਸ ਵੱਲੋਂ ਇਹ ਮੰਗ GP ਦੀ ਪ੍ਰੇਸ਼ਾਨੀ ਦਾ ਸਬੱਬ ਬਣਦੀ ਜਾ ਰਹੀ ਹੈ।

ਮੁਲੂਬਿਨਬਾ/ਨਿਊਕੈਸਲ ਵਿਚ ਇਕ GP ਮੈਕਸ ਮੋਲੇਨਕੋਫ ਦਾ ਕਹਿਣਾ ਹੈ ਕਿ ਪਰ ਇਹ ਪ੍ਰਕਿਰਿਆ GP ਦਾ ਕੀਮਤੀ ਸਮਾਂ ਬਰਬਾਦ ਕਰਨ ਵਾਲੀ ਅਤੇ ਮਹਿੰਗੀ ਸਾਬਤ ਹੋ ਰਹੀ ਹੈ, ਖ਼ਾਸਕਰ ਜੇ ਇਸ ਦੀ ਬਲਕ-ਬਿਲਿੰਗ ਨਹੀਂ ਹੋ ਰਹੀ ਹੈ, ਭਾਵੇਂ ਇੰਪਲੋਏਅਰ ਇਹ ਮੰਗ ਵਰਕਰਾਂ ਨੂੰ ਉਨ੍ਹਾਂ ਦੇ ਹੱਕਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਕਈ ਮਰੀਜ਼ਾਂ ਨੂੰ ਦੇਖਣਾ ਪੈਂਦਾ ਹੈ ਜਿਨ੍ਹਾਂ ਨੂੰ ਸਿਰਫ਼ ਕੰਮ ਲਈ ਮੈਡੀਕਲ ਸਰਟੀਫਿਕੇਟ ਦੀ ਜ਼ਰੂਰਤ ਹੁੰਦੀ ਹੈ, ਇਲਾਜ ਦੀ ਨਹੀਂ।

RACGP ਦੇ ਪ੍ਰਧਾਨ ਨਿਕੋਲ ਹਿਗਿੰਸ ਦਾ ਸੁਝਾਅ ਹੈ ਕਿ ਮੈਡੀਕਲ ਸਰਟੀਫਿਕੇਟ ਸਿਰਫ ਲੰਬੇ ਸਮੇਂ ਦੀ ਗੈਰਹਾਜ਼ਰੀ ਲਈ ਲੋੜੀਂਦੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਯੂ.ਕੇ. ਦੀ ‘ਸੈਲਫ਼-ਸਰਟੀਫ਼ੀਕੇਸ਼ਨ’ ਪ੍ਰਣਾਲੀ, ਜਿੱਥੇ ਵਰਕਰਾਂ ਨੂੰ ਸੱਤ ਦਿਨਾਂ ਜਾਂ ਇਸ ਤੋਂ ਘੱਟ ਦੀ ਗੈਰਹਾਜ਼ਰੀ ਲਈ ਦਸਤਾਵੇਜ਼ ਪ੍ਰਦਾਨ ਕਰਨ ਦੀ ਜ਼ਰੂਰਤ ਨਹੀਂ ਹੈ, ਆਸਟ੍ਰੇਲੀਆ ਨੂੰ ਲਾਭ ਪਹੁੰਚਾ ਸਕਦੀ ਹੈ।