ਚੀਨ ਤੋਂ ਭੜਕਾਇਆ ਜਾ ਰਿਹਾ ਸੀ ਆਸਟ੍ਰੇਲੀਆ ਦੇ ਸਿੱਖਾਂ ਨੂੰ! ਫ਼ੇਸਬੁੱਕ ਨੇ ਸਿੱਖਾਂ ਬਾਰੇ ਝੂਠੇ ਦਾਅਵੇ ਕਰਨ ਵਾਲੇ ਕਈ ਖਾਤੇ ਬੰਦ ਕੀਤੇ

ਮੈਲਬਰਨ: ਫੇਸਬੁੱਕ ਦੀ ਮੂਲ ਕੰਪਨੀ ਮੈਟਾ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਕਈ ਸੋਸ਼ਲ ਮੀਡੀਆ ਅਕਾਊਂਟਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਬੰਦ ਕਰ ਦਿੱਤਾ ਹੈ ਜੋ ਸਿੱਖਾਂ ਨਾਲ ਜੁੜੇ ਹੋਣ ਦਾ ਝੂਠਾ ਦਾਅਵਾ ਕਰ ਰਹੇ ਸਨ। ਇਹ ਅਕਾਊਂਟ ਮੁੱਖ ਤੌਰ ’ਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਸਨ ਅਤੇ ਭਾਰਤ ਸਰਕਾਰ ਦੀ ਆਲੋਚਨਾ ਕਰ ਰਹੇ ਸਨ। ਖਾਤਿਆਂ ’ਚ ਕਥਿਤ ਤੌਰ ’ਤੇ ਆਸਟ੍ਰੇਲੀਆਈ ਸਿੱਖਾਂ ਨੂੰ ਭਾਰਤ ਵਿਰੁਧ ਪ੍ਰਦਰਸ਼ਨ ਕਰਨ ਲਈ ਉਕਸਾਇਆ ਗਿਆ ਸੀ।

ਅਜਿਹਾ ਹੀ ਇੱਕ ਅਕਾਊਂਟ ‘ਆਦਿਆ ਸਿੰਘ’ ਨਾਮ ਨਾਲ ਸੀ, ਜੋ ਦਿੱਲੀ ਵਿੱਚ ਰਹਿਣ ਵਾਲੀ ਇੱਕ ਕਥਿਤ ਪੰਜਾਬੀ ਲੜਕੀ ਸੀ ਜਿਸ ਦਾ ਸਿੱਖ ਵਿਰਾਸਤ ਅਤੇ ਸੱਭਿਆਚਾਰ ਨਾਲ ਡੂੰਘਾ ਲਗਾਅ ਸੀ। ਹਾਲਾਂਕਿ, ਮੈਟਾ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ‘ਆਦਿਆ ਸਿੰਘ’ ਦੀ ਕੋਈ ਹੋਂਦ ਨਹੀਂ ਹੈ ਅਤੇ ਇਹ ਖਾਤਾ ਚੀਨ ਵੱਲੋਂ ਸਮਰਥਿਤ ਜਾਅਲੀ ਪ੍ਰੋਫਾਈਲ ਨੈਟਵਰਕ ਦਾ ਹਿੱਸਾ ਸੀ।

ਮੈਟਾ ਨੇ ਭਾਰਤ ਵਿੱਚ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਅਫਵਾਹਾਂ ਅਤੇ ਗੁੰਮਰਾਹਕੁੰਨ ਪੋਸਟਾਂ ਫੈਲਾਉਣ ਵਾਲੇ ਖਾਤਿਆਂ ਸਮੇਤ ਲਗਭਗ 60 ਅਜਿਹੀਆਂ ਏਜੰਸੀਆਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਖਤਮ ਕਰ ਦਿੱਤਾ ਹੈ। ਚੀਨ ਤੋਂ ਪੈਦਾ ਹੋਏ ਇਸ ਨੈੱਟਵਰਕ ਨੇ ਆਸਟ੍ਰੇਲੀਆ, ਭਾਰਤ, ਕੈਨੇਡਾ, ਪਾਕਿਸਤਾਨ, ਨਿਊਜ਼ੀਲੈਂਡ, ਨਾਈਜੀਰੀਆ ਅਤੇ ਬ੍ਰਿਟੇਨ ਸਮੇਤ ਵੱਖ-ਵੱਖ ਦੇਸ਼ਾਂ ਵਿਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ। ਸ਼ੁਰੂ ਵਿੱਚ ਇਹ ਨੈੱਟਵਰਕ ਭਾਰਤ ਅਤੇ ਤਿੱਬਤ ਨੂੰ ਨਿਸ਼ਾਨਾ ਬਣਾ ਰਿਹਾ ਸੀ।