ਫ਼ੈਡਰਲ ਸਰਕਾਰ ਦੇ ਫ਼ੈਸਲੇ ਵਿਰੁਧ ਪਰਥ ਦੀਆਂ ਸੜਕਾਂ ’ਤੇ ਉਤਰੇ ਸੈਂਕੜੇ ਟਰੱਕ ਅਤੇ ਟਰੈਕਟਰ

ਮੈਲਬਰਨ: ਮਈ 2028 ਤੱਕ ਭੇਡਾਂ ਦੇ ਨਿਰਯਾਤ ਵਪਾਰ ਨੂੰ ਖਤਮ ਕਰਨ ਦੇ ਫੈਡਰਲ ਸਰਕਾਰ ਦੇ ਫੈਸਲੇ ਦੇ ਵਿਰੋਧ ਵਿੱਚ ਪਰਥ ਦੇ CBD ’ਚ ਸੈਂਕੜੇ ਟਰੱਕਾਂ ਅਤੇ ਟਰੈਕਟਰਾਂ ਦੀ ਇੱਕ ਵੱਡੀ ਰੈਲੀ ਹੋਈ। ਟਰੱਕ ਚਾਰ ਬਾਹਰੀ ਸਬਅਰਬ ਤੋਂ ਸ਼ਹਿਰ ਵਿੱਚ ਦਾਖਲ ਹੋਏ ਜਿਸ ਕਾਰਨ ਆਵਾਜਾਈ ਵਿੱਚ ਕਾਫ਼ੀ ਵਿਘਨ ਪਿਆ। ਅਨੁਮਾਨ ਅਨੁਸਾਰ ਵਿਰੋਧ ਪ੍ਰਦਰਸ਼ਨ ਵਿੱਚ 1,700 ਟਰੱਕਾਂ ਨੇ ਹਿੱਸਾ ਲਿਆ।

ਪ੍ਰਦਰਸ਼ਨ ਦਾ ਸੱਦਾ ਦੇਣ ਵਾਲੇ ਪੀਟਰ ਵਾਰਬਰਟਨ ਵਰਗੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਫ਼ੈਸਲੇ ਤੋਂ ਨਿਰਾਸ਼ ਹਨ ਅਤੇ ਚਾਹੁੰਦੇ ਹਨ ਕਿ ਇਹ ਫੈਸਲਾ ਬਦਲਿਆ ਜਾਵੇ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪਾਬੰਦੀ ਪੇਂਡੂ ਕਮਿਊਨਿਟੀਜ਼ ਨੂੰ ਨੁਕਸਾਨ ਪਹੁੰਚਾਏਗੀ ਅਤੇ ਡਰ ਹੈ ਕਿ ਪਸ਼ੂਆਂ ਦੇ ਐਕਸਪੋਰਟ ’ਤੇ ਹੀ ਪਾਬੰਦੀ ਲੱਗ ਸਕਦੀ ਹੈ। ਪਸ਼ੂ ਪਾਲਕ ਸ਼ੈਰੀਨ ਹਾਪਕਿਨਜ਼ ਨੂੰ ਚਿੰਤਾ ਹੈ ਕਿ ਇਸ ਪਾਬੰਦੀ ਦਾ ਡੂੰਘਾ ਅਸਰ ਪਵੇਗਾ, ਜਿਸ ਨਾਲ ਪੇਂਡੂ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਹਾਲਾਂਕਿ ਟਰੈਫ਼ਿਕ ਰੁਕਣ ਕਾਰਨ ਪਰਥ ਦੇ ਕੁਝ ਵਸਨੀਕ ਨਿਰਾਸ਼ ਸਨ, ਪਰ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਉਦਯੋਗ ਦੀਆਂ ਮੁਸ਼ਕਲਾਂ ਸਮਝਣ ਲਈ ਉਤਸ਼ਾਹਤ ਕਰਦੇ ਹਨ।