ਜੰਗ ਦੇ ਮੈਦਾਨ ’ਚ ਵੀ ਡਟਣਗੇ ਰੋਬੋਟ, ਚੀਨੀ ਫ਼ੌਜ ਦੇ ਵਿਦੇਸ਼ੀ ਫ਼ੌਜ ਨਾਲ ਅਭਿਆਸ ’ਚ ਬੰਦੂਕ ਨਾਲ ਦਿਸਿਆ ਰੋਬੋਟ ਕੁੱਤਾ

ਮੈਲਬਰਨ: ਇਨਸਾਨ ਦੀ ਜ਼ਿੰਦਗੀ ਦੇ ਹਰ ਖੇਤਰ ’ਚ ਰੋਬੋਟ ਹੌਲੀ-ਹੌਲੀ ਆਪਣੀ ਥਾਂ ਬਣਾਈ ਜਾ ਰਹੇ ਹਨ। ਹਾਲ ਹੀ ਵਿੱਚ ਕੰਬੋਡੀਆ ਨਾਲ ਫੌਜੀ ਅਭਿਆਸ ਦੌਰਾਨ, ਚੀਨ ਦੀ ਫੌਜ ਨੇ ਇੱਕ ਆਟੋਮੈਟਿਕ ਰਾਈਫਲ ਨਾਲ ਲੈਸ ਰੋਬੋਟ ਕੁੱਤੇ ਦਾ ਪ੍ਰਦਰਸ਼ਨ ਕੀਤਾ। ਇਹ ਰੋਬੋਟ ਕੁੱਤਾ ਸ਼ਹਿਰੀ ਜੰਗੀ ਕਾਰਵਾਈਆਂ ਵਿੱਚ ਮਨੁੱਖੀ ਫ਼ੌਜੀਆਂ ਦੀ ਥਾਂ ਜਾਸੂਸੀ ਕਰ ਸਕਦਾ ਹੈ, ਦੁਸ਼ਮਣਾਂ ਦੀ ਪਛਾਣ ਕਰ ਸਕਦਾ ਹੈ ਅਤੇ ਨਿਸ਼ਾਨਿਆਂ ’ਤੇ ਹਮਲਾ ਕਰ ਸਕਦਾ ਹੈ। ਰੋਬੋਟ ਕੁੱਤੇ ਨੂੰ ਚੀਨ-ਕੰਬੋਡੀਆ ‘ਗੋਲਡਨ ਡ੍ਰੈਗਨ 2024’ ਅਭਿਆਸ ਦੌਰਾਨ ਇੱਕ ਰਿਮੋਟ ਆਪਰੇਟਰ ਦੇ ਕੰਟਰੋਲ ਹੇਠ ਵੱਖ-ਵੱਖ ਕਾਰਵਾਈਆਂ ਕਰਦੇ ਦਿਖਾਇਆ ਗਿਆ ਸੀ।

ਵੀਡੀਓ ਵਿਚ ਛੇ ਰੋਟਰ ਹਵਾਈ ਡਰੋਨ ਦੇ ਹੇਠਾਂ ਇਕ ਆਟੋਮੈਟਿਕ ਰਾਈਫਲ ਵੀ ਦਿਖਾਈ ਗਈ ਹੈ, ਜੋ ਚੀਨ ਦੇ ਇੰਟੈਲੀਜੈਂਟ ਮਨੁੱਖ ਰਹਿਤ ਉਪਕਰਣਾਂ ਨੂੰ ਦਰਸਾਉਂਦੀ ਹੈ। ਫੌਜ ਵਿੱਚ ਰੋਬੋਟ ਕੁੱਤਿਆਂ ਅਤੇ ਛੋਟੇ ਹਵਾਈ ਡਰੋਨਾਂ ਦੀ ਵਰਤੋਂ ਕੋਈ ਨਵੀਂ ਗੱਲ ਨਹੀਂ ਹੈ। ਉਦਾਹਰਣ ਵਜੋਂ, ਅਮਰੀਕੀ ਹਵਾਈ ਫ਼ੌਜ ਨੇ ਵੀ ਆਪਣੇ ਐਡਵਾਂਸਡ ਬੈਟਲ ਮੈਨੇਜਮੈਂਟ ਸਿਸਟਮ (ABMS) ਦੇ ਹਿੱਸੇ ਵਜੋਂ ਰੋਬੋਟਿਕ ਕੁੱਤਿਆਂ ਦੀ ਵਰਤੋਂ ਕੀਤੀ ਹੈ।

ਰੋਬੋਟਿਕ ਕੁੱਤੇ, ਜੋ ਘੱਟੋ-ਘੱਟ ਇਕ ਸਾਲ ਤੋਂ ਚੀਨ ਦੇ ਸੋਸ਼ਲ ਮੀਡੀਆ ’ਤੇ ਨਿਯਮਿਤ ਤੌਰ ’ਤੇ ਪ੍ਰਦਰਸ਼ਿਤ ਕੀਤੇ ਗਏ ਹਨ, ਪੀਪਲਜ਼ ਲਿਬਰੇਸ਼ਨ ਆਰਮੀ ਲਈ ਮਹੱਤਵਪੂਰਣ ਬਣ ਗੲੇ ਜਾਪਦੇ ਹਨ। ਵਿਦੇਸ਼ੀ ਫੌਜਾਂ ਨਾਲ ਅਭਿਆਸ ਵਿੱਚ ਉਨ੍ਹਾਂ ਦੀ ਮੌਜੂਦਗੀ ਇਹ ਸੁਝਾਅ ਦਿੰਦੀ ਹੈ ਕਿ ਉਹ ਤਕਨੀਕੀ ਪਰਿਪੱਕਤਾ ਦੇ ਇੱਕ ਖਾਸ ਪੱਧਰ ‘ਤੇ ਪਹੁੰਚ ਗਏ ਹਨ।