ਮੈਲਬਰਨ: ਭਾਰਤ ਦੇ ਸਟੇਟ ਤੇਲੰਗਾਨਾ ਦੇ ਇੱਕ ਵਿਅਕਤੀ ਦੀ ਆਸਟ੍ਰੇਲੀਆ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਡਨੀ ਦੇ ਹੈਸਲ ਗਰੋਵ ਦੀ ਡੋਰਮੋਂਟ ਸਟ੍ਰੀਟ ਵਾਸੀ ਆਰਤੀ ਅਰਵਿੰਦ ਯਾਦਵ (30) ਵੱਜੋਂ ਹੋਈ ਹੈ ਜੋ 10 ਸਾਲ ਪਹਿਲਾਂ ਆਸਟ੍ਰੇਲੀਆ ਆ ਕੇ ਵੱਸ ਗਿਆ ਸੀ। ਭਾਰਤ ’ਚ ਰੰਗਾਰੈਡੀ ਜ਼ਿਲ੍ਹੇ ਦੇ ਸ਼ਾਦਨਗਰ ਕਸਬੇ ਦੇ ਰਹਿਣ ਵਾਲਾ ਆਰਤੀ ਅਰਵਿੰਦ ਯਾਦਵ ਭਾਰਤੀ ਜਨਤਾ ਪਾਰਟੀ (BJP) ਆਗੂ ਆਰਤੀ ਕ੍ਰਿਸ਼ਨ ਯਾਦਵ ਦਾ ਇਕਲੌਤਾ ਪੁੱਤਰ ਸੀ। ਪੰਜ ਦਿਨ ਪਹਿਲਾਂ ਉਹ ਆਪਣੇ ਸਿਡਨੀ ਸਥਿਤ ਆਪਣੇ ਘਰ ਤੋਂ ਲਾਪਤਾ ਹੋ ਗਿਆ ਸੀ। ਪਰਿਵਾਰ ਨੇ ਸਥਾਨਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੂੰ ਉਸ ਦੀ ਲਾਸ਼ ਸਮੁੰਦਰੀ ਕੰਢੇ ‘ਤੇ ਮਿਲੀ। ਉਸ ਦੀ ਮੌਤ ਖ਼ੁਦਕੁਸ਼ੀ ਸੀ ਜਾਂ ਕਤਲ, ਇਸ ਬਾਰੇ ਜਾਂਚ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਡੇਢ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਉਸ ਦੀ ਪਤਨੀ ਗਰਭਵਤੀ ਹੈ। ਅਰਵਿੰਦ ਦੀ ਮਾਂ ਅਤੇ ਪਤਨੀ ਹਾਲ ਹੀ ਵਿੱਚ ਆਸਟ੍ਰੇਲੀਆ ਆਏ ਸਨ। ਉਸ ਦੀ ਮਾਂ ਕੁਝ ਦਿਨਾਂ ਬਾਅਦ ਭਾਰਤ ਵਾਪਸ ਆ ਗਈ, ਪਰ ਉਸ ਦੀ ਪਤਨੀ ਉੱਥੇ ਹੀ ਰਹੀ। ਅਰਵਿੰਦ ਅਗਲੇ ਦਿਨ ਆਪਣੀ ਮਾਂ ਦੇ ਜਾਣ ਤੋਂ ਬਾਅਦ ਲਾਪਤਾ ਹੋ ਗਿਆ। ਉਹ ਆਪਣੀ ਕਾਰ ਧੋਣ ਲਈ ਬਾਹਰ ਗਿਆ ਸੀ, ਪਰ ਵਾਪਸ ਨਹੀਂ ਆਇਆ। ਅਰਵਿੰਦ ਆਪਣੀ ਪਤਨੀ ਨਾਲ ਭਾਰਤ ਜਾਣ ਦੀ ਯੋਜਨਾ ਬਣਾ ਰਿਹਾ ਸੀ ਅਤੇ ਅਗਲੇ ਹਫਤੇ ਲਈ ਉਡਾਣ ਦੀਆਂ ਟਿਕਟਾਂ ਵੀ ਬੁੱਕ ਕੀਤੀਆਂ ਸਨ। ਅਰਵਿੰਦ ਦੇ ਪਰਿਵਾਰ ਦੇ ਕੁਝ ਮੈਂਬਰ ਉਸ ਦੀ ਲਾਸ਼ ਲਿਆਉਣ ਲਈ ਆਸਟ੍ਰੇਲੀਆ ਰਵਾਨਾ ਹੋ ਗਏ ਹਨ।