ਮੈਲਬਰਨ: ਮੈਲਬਰਨ ਦੇ ਉੱਤਰ ‘ਚ ਕਿਲਮੋਰ ਨੇੜੇ ਬੁੱਧਵਾਰ ਦੁਪਹਿਰ ਨੂੰ ਸਕੂਲ ਤੋਂ ਘਰ ਜਾਂਦੇ ਸਮੇਂ ਕਰੀਬ 30 ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਸਕੂਲ ਬੱਸ ਦੇ ਸੜਕ ਤੋਂ ਉਤਰ ਕੇ ਦਰੱਖਤ ਨਾਲ ਟਕਰਾਉਣ ਕਾਰਨ ਇਕ 65 ਸਾਲ ਦੇ ਬੱਸ ਡਰਾਈਵਰ ਦੀ ਮੌਤ ਹੋ ਗਈ ਅਤੇ ਇਕ ਬੱਚਾ ਹਸਪਤਾਲ ‘ਚ ਭਰਤੀ ਹੈ। ਬੱਚੇ ਦੇ ਸਿਰ ’ਤੇ ਮਾਮੂਲੀ ਸੱਟ ਲੱਗੀ ਹੈ।
ਅਜ਼ੰਪਸ਼ਨ ਕਾਲਜ ਨਾਮ ਸਾਲ 7 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਦੇ ਸਕੂਲ ਨੇ ਪੁਸ਼ਟੀ ਕੀਤੀ ਕਿ ਵਾਂਡੋਂਗ ਜਾਣ ਵਾਲੀ ਉਸ ਦੀ ਬੱਸ ਹਾਦਸੇ ਵਿਚ ਸ਼ਾਮਲ ਸੀ। ਸਕੂਲ ਨੇ ਕਿਹਾ ਕਿ ਮੌਕੇ ‘ਤੇ ਕਾਲਜ ਦਾ ਸਟਾਫ ਵੀ ਮੌਜੂਦ ਸੀ। ਹਾਦਸਾ ਦੁਪਹਿਰ 3:30 ਵਜੇ ਵਾਪਰਿਆ ਜਿਸ ਤੋਂ ਬਾਅਦ ਦੋ ਹੈਲੀਕਾਪਟਰ ਅਤੇ 10 ਐਂਬੂਲੈਂਸਾਂ ਮੌਕੇ ‘ਤੇ ਪਹੁੰਚੀਆਂ।
ਅਜ਼ੰਪਸ਼ਨ ਕਾਲਜ ਦੇ ਪ੍ਰਿੰਸੀਪਲ ਪਾਲ ਫਿਨਰਨ ਨੇ ਕਿਹਾ ਕਿ ਮ੍ਰਿਤਕ ਵਿਅਕਤੀ ਵਿਦਿਆਰਥੀਆਂ ਦਾ ਨਿਯਮਤ ਡਰਾਈਵਰ ਸੀ। ਉਨ੍ਹਾਂ ਕਿਹਾ, ‘‘ਬੱਚੇ ਉਸ ਨੂੰ ਪਿਆਰ ਕਰਦੇ ਸਨ। ਅਸੀਂ ਅੱਜ ਸਵੇਰੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਉਨ੍ਹਾਂ ਨੂੰ ਯਾਦ ਕੀਤਾ। ਇਹ ਉਨ੍ਹਾਂ ਦੇ ਪਰਿਵਾਰ ਲਈ ਦੁਖਾਂਤ ਹੈ।’’