ਮੀਂਹ ’ਚ 36 ਘੰਟਿਆਂ ਤਕ ਬ੍ਰਿਸਬੇਨ ਦੇ ਡਰੇਨ ’ਚ ਵੜਿਆ ਰਿਹਾ ਵਿਅਕਤੀ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

cbadmin
By
cbadmin
2 Min Read

ਮੈਲਬਰਨ: ਆਸਟ੍ਰੇਲੀਆ ਦੇ ਬ੍ਰਿਸਬੇਨ ‘ਚ ਇਕ 38 ਸਾਲ ਦੇ ਇਕ ਵਿਅਕਤੀ ਨੂੰ 36 ਘੰਟਿਆਂ ਤਕ ਡਰੇਨ ’ਚ ਵੜੇ ਰਹਿਣ ਤੋਂ ਬਾਅਦ ਬੜੀ ਮੁਸ਼ਕਲ ਨਾਲ ਬਾਹਰ ਕਢਿਆ ਗਿਆ। ਕੰਗਾਰੂ ਪੁਆਇੰਟ ’ਤੇ ਕੋਸਟਲਬਾਰ ਨੇੜੇ ਸਥਿਤ ਡਰੇਨ ’ਚ ਉਹ ਮੀਂਹ ਪੈਂਦੇ ਸਮੇਂ ਵੀ ਉਹ ਵੜਿਆ ਰਿਹਾ ਅਤੇ ਪਿਆਸ ਲੱਗਣ ’ਤੇ ਡਰੇਨ ਦਾ ਪਾਣੀ ਹੀ ਪੀ ਲਿਆ ਜਿਸ ਕਾਰਨ ਉਸ ਦਾ ਪੇਟ ਖ਼ਰਾਬ ਹੋ ਗਿਆ ਅਤੇ ਜ਼ੁਕਾਮ ਵੀ ਹੋ ਗਿਆ। ਇਸ ਵੇਲੇ ਉਹ ਹਸਪਤਾਲ ’ਚ ਦਾਖ਼ਲ ਹੈ ਅਤੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।

ਸ਼ੁਰੂ ਵਿਚ ਉਸ ਨੇ ਦਾਅਵਾ ਕੀਤਾ ਕਿ ਉਸ ਦਾ ਫ਼ੋਨ ਡਰੇਨ ’ਚ ਡਿੱਗ ਗਿਆ ਹੈ ਅਤੇ ਉਹ ਆਪਣਾ ਫੋਨ ਵਾਪਸ ਲੈਣ ਲਈ ਡਰੇਨ ਵਿਚ ਦਾਖਲ ਹੋਇਆ ਸੀ। ਪਰ ਪੁਲਿਸ ਨੇ ਖੁਲਾਸਾ ਕੀਤਾ ਕਿ ਇਹ ਵਿਅਕਤੀ ਇੱਕ ਸ਼ੱਕੀ ਫ਼ੋਰਡ ਫਾਲਕਨ ਕਾਰ ਚਲਾ ਰਿਹਾ ਸੀ ਜੋ ਪਲਟ ਗਈ ਅਤੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵਾਂ ਕਾਰਾਂ ਨੂੰ ਨੁਕਸਾਨ ਪਹੁੰਚਿਆ। ਮੌਕੇ ਤੋਂ ਭੱਜਣ ਕੀ ਕੋਸ਼ਿਸ਼ ’ਚ ਉਸ ਦੀ ਕਾਰ ਇੱਕ ਹੋਰ ਗੱਡੀ ਨਾਲ ਟਕਰਾ ਗਈ, ਜਿਸ ਨਾਲ ਦੂਜੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਘਬਰਾ ਕੇ ਉਹ ਡਰੇਨ ’ਚ ਵੜ ਗਿਆ ਜਿੱਥੇ ਗੋਡਿਆਂ ਤਕ ਪਾਣੀ ਸੀ।

ਕਾਰਜਕਾਰੀ ਪੁਲਿਸ ਕਮਿਸ਼ਨਰ ਸਟੀਵ ਗੋਲਸਚੇਵਸਕੀ ਨੇ ਇਸ ਅਸਧਾਰਨ ਮਾਮਲੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਲੋਕ ਕਈ ਵਾਰ ਹੈਰਾਨੀਜਨਕ ਹੱਦ ਤੱਕ ਚਲੇ ਜਾਂਦੇ ਹਨ। ਆਖਰਕਾਰ ਉਸ ਵਿਅਕਤੀ ਨੂੰ ਬਚਾਇਆ ਗਿਆ ਜਦੋਂ ਇਕ ਰਾਹਗੀਰ ਜੇਮਜ਼ ਲਿੰਗਵੁੱਡ ਨੇ ਡਰੇਨ ’ਚ ਕਿਸੇ ਦੇ ਸੰਕਟ ਵਿਚ ਹੋਣ ਦੀ ਆਵਾਜ਼ ਸੁਣ ਕੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਉਸ ਨੂੰ ਫ਼ਾਇਰ ਕਰਿਊ ਨੇ ਪੰਜ ਮਿੰਟਾਂ ਤਕ ਚੱਲੀ ਕਾਰਵਾਈ ’ਚ ਡਰੇਨ ਦਾ ਢੱਕਣ ਖੋਲ੍ਹ ਕੇ ਬਾਹਰ ਕੱਢਿਆ।

Share This Article
Leave a Comment

Leave a Reply

Your email address will not be published. Required fields are marked *